ਚੰਡੀਗੜ੍ਹ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਵੱਲੋਂ ਐਕਸ਼ਨ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਵੱਲੋਂ ਕੀਤੀਆਂ ਜਾ ਰਹੀਆਂ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ ਜਾਰੀ ਹੈ। ਜਿੱਥੇ ਬੀਤੇ ਦਿਨੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੋਂ ਭਰੇ ਮਨ ਨਾਲ ਅਸਤੀਫ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਤਾਂ ਉੱਥੇ ਹੀ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਜਾਰੀ ਕਰਦਿਆਂ ਅਕਾਲੀ ਦਲ ਦੇ ਸਾਬਕਾ ਆਗੂ, ਵਿਰਸਾ ਸਿੰਘ ਵਲਟੋਹਾ ਉੱਤੇ ਪੰਜ ਸਿੰਘ ਸਹਿਬਾਨਾਂ ਦੀ ਕਿਰਦਾਰਕੁਸ਼ੀ ਕਰਨ ਅਤੇ ਧਮਕੀਆਂ ਦੇਣ ਦੇ ਇਲਜ਼ਾਮ ਵੀ ਲਾਏ। ਇਹਨਾਂ ਇਲਜ਼ਾਮਾਂ ਉੱਤੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਵਿਰਸਾ ਸਿੰਘ ਵਲਟੋਹਾ ਨੇ ਵੀਡੀਓ ਜਾਰੀ ਕੀਤਾ ਹੈ।
ਵਲਟੋਹਾ ਦਾ ਸਪੱਸ਼ਟੀਕਰਨ.......
ਗਿਆਨੀ ਹਰਪ੍ਰੀਤ ਸਿੰਘ ਜੀ ਸ਼ਰਮਨਾਕ ਝੂਠੇ ਦੋਸ਼ ਨਾਂ ਲਾਓ।
ਜਿਹੜੇ ਦੋਸ਼ ਤੁਸਾਂ ਮੇਰੇ 'ਤੇ ਲਾਏ ਆ ਉਨ੍ਹਾਂ ਬਾਰੇ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ।
ਹਾਂ ਮੈਨੂੰ ਤੁਹਾਡੇ 'ਤੇ ਕਈ ਇਤਰਾਜ ਹੋ ਸਕਦੇ ਨੇ ਪਰ ਫਿਰ ਵੀ ਤੁਸੀਂ ਸਾਡੇ ਜੇ-ਸਾਡੇ ਲਈ ਸਤਿਕਾਰਯੋਗ ਜੇ।ਤੁਹਾਡਾ ਪਰਿਵਾਰ ਮੇਰਾ ਆਪਣਾ ਪਰਿਵਾਰ ਆ।
ਹਾਂ ਜੇ ਤੁਹਾਡੇ ਕੋਲ ਇਸ ਮੁਤੱਲਕ ਕੋਈ ਸਬੂਤ ਹੈਗਾ ਆ ਤਾਂ ਜਨਤਕ ਤੌਰ 'ਤੇ ਪੇਸ਼ ਕਰੋ।ਕਿਰਪਾ ਕਰਕੇ ਮੇਰੀ ਇੱਕ ਨਿਮਾਣੇ ਜਿਹੇ ਸਿੱਖ ਦੀ ਝੂਠ ਬੋਲਕੇ ਕਿਰਦਾਰਕੁਸ਼ੀ ਨਾਂ ਕਰੋ।
ਮੇਰੀ ਕਿਰਦਾਰਕੁਸ਼ੀ ਨਾ ਕਰੋ
ਇਸ ਦੌਰਾਨ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜੋ ਮੇਰੇ ਉੱਤੇ ਇਲਜ਼ਾਮ ਲੱਗੇ ਹਨ ਉਹ ਬੇਹੱਦ ਸ਼ਰਮਨਾਕ ਹਨ। ਉਹਨਾਂ ਕਿਹਾ ਕਿ ਨਰਮਾਈ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਬਹੁਤ ਸਖ਼ਤ ਸ਼ਬਦਾਂ ਦਾ ਇਸਤਮਾਲ ਕਰ ਗਏ। ਜਦੋਂ ਮੇਰੇ ਉੱਤੇ ਐਕਸ਼ਨ ਲਿਆ ਮੈਂ ਉਹ ਸਿੰਘ ਸਾਹਿਬਾਨਾਂ ਦਾ ਹੁਕਮ ਸਮਝ ਕੇ ਬਰਦਾਸ਼ਤ ਕਰ ਗਿਆ ਪਰ ਹੁਣ ਧਮਕੀਆਂ ਦੇਣ ਵਾਲੇ ਇਲਜ਼ਾਮ ਬਰਦਾਸ਼ਤ ਨਹੀਂ ਹਨ। ਉਹਨਾਂ ਕਿਹਾ ਕਿ ਮੇਰੇ ਉੱਤੇ ਜੋ ਇਲਜ਼ਾਮ ਲਾਏ ਜਾ ਰਹੇ ਹਨ ਉਹਨਾਂ ਨੂੰ ਸਬੂਤਾਂ ਦੇ ਅਧਾਰ ਉੱਤੇ ਹੀ ਗੱਲ ਕੀਤੀ ਜਾ ਰਹੀ ਹੈ, ਉਹ ਗ਼ਲਤ ਹਨ। ਉਹਨਾਂ ਕਿਹਾ ਕਿ ਪਰਿਵਾਰ ਦੀਆਂ ਧੀਆਂ ਭੈਣਾਂ ਪ੍ਰਤੀ ਧਮਕੀਆਂ ਦੇਣ ਦੇ ਇਲਜ਼ਾਮ ਲਾਏ ਹਨ ਅਤੇ ਨਾਲ ਹੀ ਜਾਤ ਨੂੰ ਲੈਕੇ ਵੀ ਜੋ ਸਵਾਲ ਚੁੱਕੇ ਹਨ ਉਹ ਵੀ ਬੇਬੁਨਿਆਦ ਹਨ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਤੁਹਾਡੇ ਪਰਿਵਾਰ ਅਤੇ ਤੁਹਾਡੇ ਬਾਰੇ ਮੈਂ ਕਦੇ ਗਲਤ ਨਹੀਂ ਸੋਚ ਸਕਦਾ। ਸਾਡੇ ਵਿਚਾਰਕ ਵਖਰੇਵੇਂ ਜ਼ਰੂਰ ਹੋ ਸਕਦੇ ਹਨ ਪਰ ਕਿਰਦਾਰ ਅਤੇ ਜ਼ਿੰਮੇਵਾਰੀ ਸਬੰਧੀ ਮੈਂ ਕਦੇ ਵੀ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ। ਇਸ ਲਈ ਮੇਰੇ ਉੱਤੇ ਝੂਠੇ ਇਲਜ਼ਾਮ ਲਗਾ ਕੇ ਮੇਰੀ ਕਿਰਦਾਰਕੁਸ਼ੀ ਨਾ ਕਰੋ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਚਿਤਾਵਨੀ
ਜ਼ਿਕਰਯੋਗ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਅਸਤੀਫ਼ੇ ਨੂੰ ਨਾ-ਮਨਜ਼ੂਰ ਕਰ ਦਿੱਤਾ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਇਸ ਅਸਤੀਫੇ ਨੂੰ ਨਾ-ਮਨਜ਼ੂਰ ਕਰਨ ਲਈ ਆਖਿਆ ਹੈ। ਉਹਨਾਂ ਕਿਹਾ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਮਨਜ਼ੂਰ ਹੋਇਆ ਤਾਂ ਬਾਕੀ ਦੇ ਸਿੰਘ ਵੀ ਆਪਣੇ ਅਹੁਦੇ ਤਿਆਗ ਦੇਣਗੇ। ਜਿਸ ਨੂੰ ਲੈਕੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਰਹੇ ਹਨ ਅਤੇ ਹੋਰਨਾਂ ਸਿੰਘ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਚ ਖੜ੍ਹੇ ਹੋ ਗਏ ਹਨ।