ਲੁਧਿਆਣਾ: ਭਾਜਪਾ ਦੇ ਵਿੱਚ ਨਵੀਂ ਲੋਕਾਂ ਨੂੰ ਭਰਤੀ ਕਰਵਾਉਣ ਲਈ ਵਿਸ਼ੇਸ਼ ਤੌਰ 'ਤੇ ਪੰਜਾਬੀ ਫਿਲਮ ਕਲਾਕਾਰ ਅਤੇ ਭਾਜਪਾ ਦੇ ਆਗੂ ਹੌਬੀ ਧਾਲੀਵਾਲ ਵੀ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚੇ। ਇਸ ਦੌਰਾਨ ਭਾਨੇ ਸਿੱਧੂ ਦੇ ਪੁੱਛੇ ਹੋਏ ਸਵਾਲ 'ਤੇ ਉਹਨਾਂ ਕਿਹਾ ਕਿ ਇਹ ਉਸ ਦੀ ਗਲਤੀ ਹੈ। ਉਹਨਾਂ ਕਿਹਾ ਕਿ ਭਗਵੰਤ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਉਹਨਾਂ ਕਿਹਾ ਕਿ ਉਹ ਲੋਕਾਂ ਦੇ ਮੁੱਦੇ ਚੁੱਕਦੇ ਹਨ, ਜੇਕਰ ਉਹ ਲੋਕਾਂ ਦੇ ਪੈਸੇ ਮੁੜਵਾਉਂਦਾ ਹੈ ਤਾਂ ਉਸ ਤੋਂ ਸਰਕਾਰ ਨੂੰ ਕੀ ਦਿੱਕਤ ਹੋ ਸਕਦੀ ਸੀ।
ਭਾਨੇ 'ਤੇ ਪਰਚੇ ਪਾਉਣਾ ਗਲਤ: ਹੌਬੀ ਧਾਲੀਵਾਲ ਨੇ ਕਿਹਾ ਕਿ ਸਗੋਂ ਭਾਨੇ ਸਿੱਧੂ ਨਾਲ ਬੈਠ ਕੇ ਇਸ ਸਬੰਧੀ ਗੱਲ ਕਰ ਲੈਣੀ ਚਾਹੀਦੀ ਸੀ, ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨੀਆਂ ਵੀਡੀਓ ਕਾਲ ਕਰਕੇ ਉਸ ਦੀ ਹਾਲਤ ਵੇਖਣ ਆਦਿ ਵਰਗੀਆਂ ਗੱਲਾਂ ਸ਼ਰਮਸਾਰ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ, ਇਹ ਬਹੁਤ ਗਲਤ ਹੋਇਆ ਹੈ। ਇਸ ਦੇ ਨਾਲ ਹੀ ਧਾਲੀਵਾਲ ਨੇ ਕਿਹਾ ਕਿ ਜੇਕਰ ਉਸ ਨੇ ਕੁਝ ਉੱਚਾ ਨੀਵਾਂ ਬੋਲ ਦਿੱਤਾ ਸੀ ਤਾਂ ਉਸ ਨੂੰ ਬਿਠਾ ਕੇ ਸਮਝਾ ਲੈਣਾ ਚਾਹੀਦਾ ਸੀ, ਪਹਿਲਾਂ ਇੱਕ ਪਰਚਾ ਫਿਰ ਉਸ ਨੂੰ ਜ਼ਮਾਨਤ ਮਿਲੀ ਤਾਂ ਉਸ ਤੋਂ ਬਾਅਦ ਦੂਜਾ ਪਰਚਾ ਫਿਰ ਤੀਜਾ ਪਰਚਾ ਪਾ ਦਿੱਤਾ ਗਿਆ।
ਬਦਲਾਖੋਰੀ 'ਤੇ ਉਤਰੀ ਸਰਕਾਰ: ਇਸ ਦੌਰਾਨ ਹੌਬੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੁਣ ਰਾਜਨੀਤੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਉਹਨਾਂ ਮੰਨਿਆ ਕੀ ਇਹ ਬਦਲਾਖੋਰੀ ਹੋ ਰਹੀ ਹੈ। ਲੱਖੇ ਸਿਧਾਣੇ ਨੂੰ ਨਜ਼ਰਬੰਦ ਕਰਨਾ ਉਸ ਤੋਂ ਬਾਅਦ ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰਨਾ ਸੰਗਰੂਰ ਦੇ ਵਿੱਚ ਜੋ ਕੁਝ ਹੋਇਆ ਹੈ, ਉਸ ਨੂੰ ਲੈ ਕੇ ਉਹਨਾਂ ਕਿਹਾ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਹੈ। ਸਰਕਾਰ ਲੋਕਾਂ ਦੀ ਚੁਣੀ ਹੋਈ ਹੈ ਅਤੇ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕਿਸੇ ਵੀ ਕੀਮਤ 'ਤੇ ਨਹੀਂ ਹੋਣਾ ਚਾਹੀਦਾ।
ਸਾਥੀਆਂ ਨੂੰ ਭਾਜਪਾ 'ਚ ਕਰਵਾਇਆ ਸ਼ਾਮਲ: ਹੌਬੀ ਧਾਲੀਵਾਲ ਨੇ ਕਿਹਾ ਕਿ ਸਰਕਾਰ ਆਪਣੇ ਆਪ ਦੇ ਵਿੱਚ ਇੰਨੀ ਜਿਆਦਾ ਮਜ਼ਬੂਤ ਹੋਣੀ ਚਾਹੀਦੀ ਹੈ ਕਿ ਛੋਟੇ-ਛੋਟੇ ਮਸਲੇ ਉੱਠਣ ਹੀ ਨਾ ਕਿਉਂਕਿ ਇਹ ਮਸਲੇ ਕੋਈ ਵੱਡੇ ਮਸਲੇ ਨਹੀਂ ਹਨ। ਉਹਨਾਂ ਕਿਹਾ ਕਿ ਇਹਨਾਂ ਮੁੱਦਿਆਂ 'ਤੇ ਹੀ ਸਰਕਾਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਦੀ ਹਿਮਾਇਤ ਕਰਦਿਆਂ ਹੋਇਆਂ ਕਿਹਾ ਕਿ ਮੇਰੇ ਕਈ ਸਾਥੀ ਭਾਜਪਾ ਦੇ ਵਿੱਚ ਅੱਜ ਸ਼ਾਮਿਲ ਹੋਏ ਹਨ। ਉਹਨਾਂ ਕਿਹਾ ਕਿ ਉਹ ਅਕਾਲੀ ਦਲ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਸਨ , ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਭਾਜਪਾ ਨੂੰ ਪੰਜਾਬ ਦੇ ਵਿੱਚ ਲੋਕ ਪਸੰਦ ਕਰ ਰਹੇ ਹਨ ਸਾਨੂੰ ਪੂਰੀ ਉਮੀਦ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦੀ ਜ਼ਰੂਰ ਜਿੱਤ ਹੋਵੇਗੀ।