ਹੁਸ਼ਿਆਰਪੁਰ: ਪਿਛਲੇ ਦਿਨੀਂ ਇਕ ਬੱਚੀ ਨੂੰ ਸਕੂਲ਼ ਤੋਂ ਬਾਹਰ ਕੱਢਣ ਦੀ ਵੀਡੀਓ ਕਾਫ਼ੀ ਵਾਇਰਲ ਹੋਈ ਸੀ। ਹੁਣ ਇਸ ਮਾਮਲੇ 'ਚ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਵੱਲੋਂ ਇਸ ਮਾਮਲੇ 'ਤੇ ਸੂ-ਮੋਟੋ ਨੋਟਿਸ ਲਿਆ ਗਿਆ ਹੈ।ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਦੱਸਿਆ ਕਿ ਕਮਿਸ਼ਨ "ਦਾ ਕਮਿਸ਼ਨਜ਼ ਫਾਰ ਦ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਜ਼ ਐਕਟ, 2005" ਦੀ ਧਾਰਾ 17 ਦੇ ਤਹਿਤ ਵਿਧਾਨਕ ਸੰਸਥਾ ਹੈ, ਜਿਸ ਅਨੁਸਾਰ ਇਹ ਕਮਿਸ਼ਨ ਬਾਲ ਅਧਿਕਾਰਾਂ ਦੀ ਰੱਖਿਆ ਦੇ ਹੱਕ ਵਿੱਚ ਕੰਮ ਕਰਦੀ ਹੈ।
ਕਮਿਸ਼ਨ ਨੂੰ ਜੇ.ਜੇ ਐਕਟ 2015, ਪੌਕਸੋ ਐਕਟ 2012 ਅਤੇ ਆਰ.ਟੀ.ਈ. ਐਕਟ 2009 ਦੇ ਤਹਿਤ ਨਿਗਰਾਨੀ ਕਰਨ ਦਾ ਅਧਿਕਾਰ ਹੈ। ਕਮਿਸ਼ਨ ਪਾਸ ਇਸ ਐਕਟ ਦੀ ਧਾਰਾ 14 ਅਤੇ ਸਿਵਲ ਪ੍ਰੋਸੀਜ਼ਰ ਕੋਡ 1908 ਦੇ ਤਹਿਤ ਕੇਸ ਦੀ ਸੁਣਵਾਈ ਲਈ ਸਿਵਲ ਕੋਰਟ ਦੀਆਂ ਸ਼ਕਤੀਆਂ ਹਨ।
ਇਸ ਖਾਸ ਮਾਮਲੇ ਵਿੱਚ, ਕਮਿਸ਼ਨ ਨੇ ਦਿੱਲੀ ਇੰਟਰਨੈਸ਼ਨਲ ਸਕੂਲ ਮਾਹਿਲਪੁਰ ਦੇ ਪ੍ਰਿੰਸੀਪਲ ਅਤੇ ਸੰਬੰਧਤ ਸਟਾਫ ਨੂੰ 12 ਦਸੰਬਰ 2024, ਸਵੇਰੇ 11:00 ਵਜੇ ਕਮਿਸ਼ਨ ਦੇ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਆਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਨੂੰ ਮਾਮਲੇ ਦੇ ਤੱਥ ਅਤੇ ਪੂਰੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਗਈ ਹੈ।
ਪੀੜਤ ਬੱਚੀ ਦੀ ਮਾਂ ਨੇ ਦੱਸੀ ਹੱਡ ਬੀਤੀ
ਮਾਮਲੇ ਬਾਰੇ ਪੂਜਾ ਰਾਣੀ ਪਤਨੀ ਜੋਤੀ ਬ੍ਰਹਮ ਸਰੂਪ ਥਾਲੀ ਵਾਸੀ ਮਾਹਿਲਪੁਰ ਨੇ ਉਸ ਦੀ ਚਾਰ ਸਾਲ ਦੀ ਬੱਚੀ ਪ੍ਰੀਸ਼ਾ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਮਾਹਿਲਪੁਰ ਬ੍ਰਾਂਚ ‘ਚ ਨਰਸਰੀ ਵਿਚ ਪੜ੍ਹਦੀ ਹੈ। ਉਸ ਨੇ ਦੱਸਿਆ ਕਿ ਉਸ ਨੇ ਸਕੂਲ ਵਿਚ ਦਾਖਲੇ ਸਮੇਂ ਅਪ੍ਰੈਲ ਵਿਚ ਐਡਮਿਸ਼ਨ ਫ਼ੀਸ ਤੇ ਹੋਰ ਖ਼ਰਚੇ ਦੇ ਦਿੱਤੇ ਸਨ। ਉਸ ਨੇ ਦੱਸਿਆ ਕਿ ਨਵੰਬਰ 2024 ਵਿਚ ਉਸ ਨੂੰ ਸਕੂਲ ਉਸ ਨੂੰ ਫੋਨ ‘ਤੇ ਸੰਦੇਸ਼ ਆਇਆ ਕਿ ਸਕੂਲ ਦੀ ਹੁਣ ਤੱਕ ਦੀ ਬਣਦੀ ਫੀਸ 41500 ਰੁਪਏ ਜਮਾ ਕਰਵਾ ਦਿਓ। ਉਸ ਨੇ ਦੱਸਿਆ ਕਿ ਉਸ ਨੇ ਸਕੂਲ ਪ੍ਰਬੰਧਕਾ ਨੂੰ ਕਿਹਾ ਕਿ ਉਸ ਵੱਲੋਂ ਕੀਤੀ ਅਦਾਇਗੀ ਸਮੇਤ ਸਾਰੇ ਘਾਟਾ ਵਾਧਾ ਕਰ ਕੇ ਅਸਲ ਫੀਸ ਦੱਸੀ ਜਾਵੇ ਪਰ ਉਨ੍ਹਾਂ ਵਲੋਂ ਕੋਈ ਉੱਤਰ ਨਾ ਆਇਆ।
ਪੁਲਿਸ ਅਧਿਕਾਰੀ ਨੇ ਮਾਮਲੇ ਬਾਰੇ ਕੀ ਆਖਿਆ
ਉੱਧਰ ਇਸ ਮਾਮਲੇ ਵਾਰੇ ਥਾਣਾ ਮਾਹਿਲਪੁਰ ਦੇ ਐਸਐਚਓ ਰਮਨ ਕੁਮਾਰ ਨੇ ਦੱਸਿਆ ਕਿ ਦੋਨਾਂ ਧਿਰਾਂ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।