ਬਰਨਾਲਾ: ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਸਰਗਰਮੀ ਵਿੱਢ ਦਿੱਤੀ ਹੈ। ਉਥੇ ਸੱਤਾਧਿਰ ਪਾਰਟੀ ਵਿੱਚ ਟਿਕਟ ਨੂੰ ਲੈ ਕੇ ਮੌਜੂਦਾ ਕਾਬਜ਼ ਧਿਰ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਆਹਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਹਨ। ਪਿਛਲੇ ਕਰੀਬ 8 ਸਾਲਾਂ ਤੋਂ ਇਸ ਵਿਧਾਨ ਸਭਾ ਹਲਕੇ ਵਿੱਚ ਗੁਰਮੀਤ ਸਿੰਘ ਮੀਤ ਹੇਅਰ ਦਾ ਦਬਦਬਾ ਕਾਇਮ ਚੱਲ ਰਿਹਾ ਹੈ। ਉਥੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਬਨਣ ਤੋਂ ਬਾਅਦ ਆਪ ਪਾਰਟੀ ਦੇ ਵਰਕਰਾਂ ਵਲੋਂ ਕਿਸੇ ਪਾਰਟੀ ਵਰਕਰ ਨੂੰ ਟਿਕਟ ਦਿੱਤੇ ਜਾਣ ਦੀ ਪਾਰਟੀ ਹਾਈਕਮਾਂਡ ਅੱਗੇ ਮੰਗ ਰੱਖ ਦਿੱਤੀ ਗਈ ਹੈ।
ਪਾਰਟੀ ਦੇ ਟਕਸਾਲੀ ਵਰਕਰ ਨੂੰ ਟਿਕਟ ਦੇਣ ਦੀ ਮੰਗ
ਪਿਛਲੇ ਲੰਬੇ ਸਮੇਂ ਤੋਂ ਮੀਤ ਹੇਅਰ ਆਪਣੇ ਓਐਸਡੀ ਹਸਨਪ੍ਰੀਤ ਭਾਰਦਵਾਜ ਅਤੇ ਆਪਣੇ ਸਾਥੀ ਹਰਿੰਦਰ ਸਿੰਘ ਨੂੰ ਹਰ ਕੰਮ ਵਿੱਚ ਅੱਗੇ ਕਰ ਰਹੇ ਹਨ। ਜਿਸ ਕਰਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੀਤ ਹੇਅਰ ਇਹਨਾ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਵਿਧਾਨ ਸਭਾ ਦੀ ਟਿਕਟ ਦਵਾਉਣ ਲਈ ਗ੍ਰਾਊਂਡ ਤਿਆਰ ਕਰ ਰਹੇ ਹਨ। ਜਦਕਿ ਪਾਰਟੀ ਦੇ ਪੁਰਾਣੇ ਟਕਸਾਲੀ ਵਰਕਰਾਂ ਨੇ ਹੁਣ ਇਸ ਸਬੰਧੀ ਝੰਡਾ ਚੁੱਕ ਲਿਆ ਹੈ ਅਤੇ ਪਾਰਟੀ ਦੇ ਟਕਸਾਲੀ ਵਰਕਰ ਨੂੰ ਟਿਕਟ ਦੇਣ ਦੀ ਮੰਗ ਮੁੱਖ ਮੰਤਰੀ ਅਤੇ ਪਾਰਟੀ ਅੱਗੇ ਰੱਖ ਦਿੱਤੀ ਹੈ।
ਇਸੇ ਸਬੰਧੀ ਵਿੱਚ ਪਾਰਟੀ ਦੇ ਟਕਸਾਲੀ ਵਰਕਰਾਂ ਦੀ ਇੱਕ ਭਰਵੀਂ ਮੀਟਿੰਗ ਬਰਨਾਲਾ ਸ਼ਹਿਰ ਦੇ ਪੁਰਾਣੀ ਰਾਮਲੀਲਾ ਗ੍ਰਾਊਂਡ ਵਿੱਚ ਹੋਈ। ਜਿਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਮਾਸਟਰ ਪ੍ਰੇਮ ਕੁਮਾਰ, ਸੂਬੇਦਾਰ ਮਹਿੰਦਰ ਸਿੰਘ ਸਜੀਵ ਕੁਮਾਰ ਹਰੀ ਓਮ, ਮੈਡਮ ਕਿਰਨ ਕੌਰ ਸੀਨੀਅਰ ਆਗੂ ਮਹਿਲਾ ਵਿੰਗ ਪਰਵਿੰਦਰ ਸਿੰਘ ਝਲੂਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਅਤੇ ਪਿੰਡਾਂ ਦੇ ਪਾਰਟੀ ਵਰਕਰ ਹਾਜ਼ਰ ਹੋਏ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਵਿਚ ਵਿਚਰਨ ਵਾਲੇ ਲੋਕਾਂ ਅਤੇ ਵਰਕਰਾਂ ਦੀ ਗੱਲ ਸੁਣਨ ਵਾਲੇ ਆਗੂ ਨੂੰ ਜ਼ਿਮਨੀ ਚੋਣ ਦੀ ਜ਼ਿੰਮੇਵਾਰੀ ਦੇਣ। ਜਿਸ ਵਿਚ ਉਹਨਾਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੂੰ ਟਿਕਟ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਸੀਨੀਅਰ ਲੀਡਰਸ਼ਿਪ ’ਤੇ ਕੀਤਾ ਰੋਸ ਜ਼ਾਹਰ
ਇਸ ਸਮੇਂ ਵਰਕਰਾਂ ਨੇ ਸੀਨੀਅਰ ਲੀਡਰਸ਼ਿਪ ’ਤੇ ਰੋਸ ਵੀ ਜ਼ਾਹਰ ਕੀਤਾ ਕਿ ਦਲਬਦਲੂ ਲੋਕਾਂ ਦੀ ਸੁਣਵਾਈ ਵੱਧ ਤੇ ਆਮ ਵਰਕਰ ਦੀ ਸੁਣਵਾਈ ਦਫ਼ਤਰਾਂ ਵਿਚ ਬੈਠੇ ਪੀ.ਏ. ਸਹਿਬਾਨ ਵੱਲੋਂ ਘੱਟ ਕੀਤੀ ਜਾ ਰਹੀ ਹੈ। ਜਿਸ ਵੱਲ ਧਿਆਨ ਦੇਣ ਦੀ ਲੋੜ ਹੈ। ਉਹਨਾ ਕਿਹਾ ਕਿ ਐੱਮ. ਸੀ, ਚੋਣਾਂ ਵਿਚ ਦਲ ਬਦਲੂ ਲੋਕਾਂ ਨੂੰ ਪਹਿਲ ਨਾ ਦਿੱਤੀ ਜਾਵੇ ਤਾਂ ਜੋ ਵਰਕਰਾਂ ਦਾ ਲੋਕਾਂ ਦੇ ਕੰਮ ਧੰਦੇ ਕਰਾਉਣ ਵਿਚ ਸੋਖ ਰਹੇ ਅਤੇ ਲੰਬੇ ਸਮੇਂ ਤੋ ਮਿਹਨਤ ਕਰਦੇ ਵਰਕਰਾਂ ਨੂੰ ਮਿਹਨਤ ਦਾ ਫਲ ਮਿਲ ਸਕੇ। ਉਨ੍ਹਾਂ ਕਿਹਾ ਕਿ ਵਰਕਰਾਂ ਨਾਲ ਮਿਲ ਕੇ ਇਸੇ ਤਰ੍ਹਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ।