ਚੰਡੀਗੜ੍ਹ: ਪੰਜਾਬ ਦੇ ਹੁਸ਼ਿਆਰਪੁਰ ਤੋਂ ਵਿਧਾਇਕ ਡਾਕਟਰ ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਆਪਣੀ ਪਾਰਟੀ ਵਿੱਚ ਸਵਾਗਤ ਕੀਤਾ ਹੈ। ਇਸ ਤੋਂ ਬਾਅਦ ਰਾਜ ਕੁਮਾਰ ਚੱਬੇਵਾਲ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਸ਼ੁਕਰਗੁਜ਼ਾਰ ਕੀਤਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਆਪ ਸਰਕਾਰ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ, ਇਸ ਲਈ ਉਨ੍ਹਾਂ ਨੇ ਆਪ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ।
ਈਟੀਵੀ ਭਾਰਤ ਉੱਤੇ ਬੋਲੇ ਰਾਜਕੁਮਾਰ ਚੱਬੇਵਾਲ: ਈਟੀਵੀ ਭਾਰਤ ਦੇ ਸੀਨੀਅਰ ਪੱਤਰਕਾਰ ਨਾਲ ਇੰਟਰਵਿਊ ਸਮੇਂ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਮੇਰੇ ਮੋਰਲ ਵੈਲਿਊਜ਼ ਸਭ ਤੋਂ ਵੱਡੀ ਗੱਲ ਹੈ, ਮੇਰੇ ਫੰਡਾਮੈਂਟਲ ਕਲੀਅਰ ਹਨ, ਮੈਂ ਪਾਰਟੀ ਦੀ ਪਾਲਿਸੀ ਤੋਂ ਬਹੁਤ ਪ੍ਰਭਾਵਿਤ ਹਾਂ। ਜੇਕਰ ਗੱਲ ਕਰੀਏ ਸ਼ਹੀਦ-ਏ-ਆਜ਼ਮ, ਜਾਂ ਅੰਬੇਡਕਰ ਦੀ ਸੋਚ ਉੱਤੇ ਪਹਿਰਾ ਦੇਣਾ, ਤਾਂ ਆਮ ਆਦਮੀ ਪਾਰਟੀ ਇਸ ਸੋਚ ਉੱਤੇ ਬਾਖੂਬੀ ਕੰਮ ਕਰ ਰਹੀ ਹੈ। ਦੋ ਸਾਲ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਅੱਗੇ ਕਰਦੇ ਵੀ ਰਹਿਣਗੇ।
42 ਹਜ਼ਾਰ ਨੌਕਰੀ ਦੇਣਾ ਵੱਡੀ ਗੱਲ: ਰਾਜਕੁਮਾਰ ਚੱਬੇਵਾਲ ਨੇ ਕਿਹਾ ਆਪ ਨੇ ਸ਼ੁਰੂ ਤੋਂ ਹੀ 42 ਹਜ਼ਾਰ ਨੌਕਰੀਆਂ ਦਿੱਤੀਆਂ ਅਤੇ ਹਰ ਵਰਗ ਨੂੰ ਬਿਜਲੀ ਮੁਫਤ ਕਰਵਾਈ ਹੈ। ਅਜਿਹਾ ਹਮੇਸ਼ਾ ਸਰਕਾਰਾਂ ਆਖਰੀ ਸਮੇਂ ਵਿੱਚ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਹੀ ਆਮ ਆਦਮੀ ਪਾਰਟੀ ਦਾ ਚੰਗਾ ਕਦਮ ਹੈ ਜਿਸ ਤੋਂ ਮੈਂ ਬਹੁਤ ਹੀ ਪ੍ਰਭਾਵਿਤ ਹੈ।
ਲੋਕ ਸਭਾ ਸੀਟ ਲੜਨ ਲਈ ਕਾਂਗਰਸ ਵੇਲ੍ਹੇ ਵੀ ਮੈਂ ਕਦੇ ਇੱਛਾ ਨਹੀਂ ਜਤਾਈ। ਜੇਕਰ ਅਜਿਹਾ ਹੁੰਦਾ ਤਾਂ, ਮੈਂ ਕਾਂਗਰਸੀ ਦੀ ਵਿਧਾਇਕੀ ਤੋਂ ਅਸਤੀਫਾ ਨਾ ਦਿੰਦਾ। ਹੁਣ ਵੀ ਲੋਕ ਸਭਾ ਸੀਟ ਦੀ ਟਿਕਟ ਲੈਣ ਲਈ ਪਾਰਟੀ ਵਿੱਚ ਸ਼ਾਮਲ ਹੋਣਾ ਕੋਈ ਸੋਚ ਨਹੀਂ ਹਾਂ। ਮੈਂ ਸਿਰਫ਼ ਲੋਕਾਂ ਲਈ ਕੰਮ ਕਰਨਾ ਚਾਹੁੰਦਾ ਹਾਂ, ਇਸ ਲਈ ਜੋ ਵੀ ਆਮ ਆਦਮੀ ਪਾਰਟੀ ਮੈਨੂੰ ਜਿੰਮੇਵਾਰੀ ਸੌਂਪੇਗੀ ਮੈਂ ਉਸ ਲਈ ਤਿਆਰ ਹਾਂ। 45 ਸਾਲ ਬਾਅਦ ਕਾਂਗਰਸ ਹੁਸ਼ਿਆਰਪੁਰ ਦੇ ਚੱਬੇਵਾਲ ਵਿੱਚ ਜਿੱਤੀ ਸੀ ਕਿਉਂਕਿ ਮੈਂ ਲੋਕਾਂ ਲਈ ਬਹੁਤ ਕੰਮ ਕੀਤਾ ਸੀ। ਹੁਣ ਵੀ ਲੋਕ ਮੇਰੇ ਨਾਲ ਹਨ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕੰਮ ਹੋਣ ਨਾ ਮਤਲਬ ਹੈ,ਜੇਕਰ ਹੋਵੇਗਾ, ਤਾਂ ਅਸੀ ਨਾਲ ਹਾਂ। - ਰਾਜਕੁਮਾਰ ਚੱਬੇਵਾਲ, ਆਪ ਨੇਤਾ
ਕਾਂਗਰਸ ਪਾਰਟੀ ਉੱਤੇ ਕੋਈ ਟਿੱਪਣੀ ਨਹੀਂ: ਇਸ ਦੌਰਾਨ ਰਾਜਕੁਮਾਰ ਨੇ ਕਾਂਗਰਸ ਪਾਰਟੀ ਬਾਰੇ ਕੁਝ ਵੀ ਨੈਗੇਟਿਵ ਟਿੱਪਣੀ ਨਹੀਂ ਕੀਤੀ। ਉਨ੍ਹਾਂ ਕਿਹਾ ਰਾਜਾ ਵੜਿੰਗ ਕਾਂਗਰਸ ਦੇ ਸਤਿਕਾਰਯੋਗ ਨੇਤਾ ਹਨ, ਮੈਂ ਉਨ੍ਹਾਂ ਖਿਲਾਫ ਕੋਈ ਨੈਗੇਟਿਵ ਟਿੱਪਣੀ ਕਰਨਾ ਨਹੀਂ ਚਾਹੁੰਦਾ। ਇਸ ਤੋਂ ਪਹਿਲਾਂ ਕਾਂਗਰਸ ਵਿੱਚ ਰਹਿੰਦੇ ਹੋਏ ਵੀ ਮੈਂ ਆਪਣੇ ਕੰਮਾਂ ਨਾਲ ਜਿੱਤਿਆ ਹਾਂ, ਮੇਰੇ ਕੰਮਾਂ ਨਾਲ ਹੀ ਮੇਰੀ ਹੁਸ਼ਿਆਰਪੁਰ ਵਿੱਚ ਪਛਾਣ ਹੈ।