ਅੰਮ੍ਰਿਤਸਰ: ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਦੀ ਵੋਟਿੰਗ ਦਾ ਦਿਨ ਨਜ਼ਦੀਕ ਆ ਗਿਆ ਹੈ। ਹਰ ਇੱਕ ਸਿਆਸੀ ਪਾਰਟੀ ਤੇ ਲੀਡਰ ਆਪਣੀ ਜਿੱਤ ਯਕੀਨੀ ਬਣਾਉਣ ਲਈ ਪੂਰਾ ਜੋਰ ਲਗਾ ਰਹੇ ਹਨ। ਜਿਸ ਦੇ ਚੱਲਦੇ ਉਮੀਦਵਾਰਾਂ ਸਮੇਤ ਉਨ੍ਹਾਂ ਦੀ ਕੌਮੀ ਲੀਡਰਸ਼ਿਪ ਵੀ ਪ੍ਰਚਾਰ 'ਚ ਜੁਟੀ ਹੋਈ ਹੈ। ਇਸ ਦੇ ਚੱਲਦੇ ਜਿਥੇ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰਾਹੁਲ ਗਾਂਧੀ ਵਲੋਂ ਪੰਜਾਬ 'ਚ ਸਿਆਸੀ ਪ੍ਰਚਾਰ ਕੀਤਾ ਗਿਆ[
ਪੰਜਾਬ ਆਏ ਅਰਵਿੰਦ ਕੇਜਰੀਵਾਲ: ਇਸ ਦੇ ਚੱਲਦੇ ਹੁਣ 'ਆਪ' ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਦੇਰ ਰਾਤ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ। ਜਿਥੇ 'ਆਪ' ਦੇ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਧਾਲੀਵਾਲ ਅਤੇ ਜ਼ਿਲ੍ਹੇ ਦੇ ਵਿਧਾਇਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਹਾਲਾਂਕਿ ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਪਰ ਸੂਤਰਾਂ ਅਨੁਸਾਰ ਕੇਜਰੀਵਾਲ ਆਪਣੇ ਉਮੀਦਵਾਰਾਂ ਲਈ ਹੁਣ ਚੋਣ ਪ੍ਰਚਾਰ ਕਰਨਗੇ। ਇਸ 'ਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵਲੋਂ 'ਆਪ' ਉਮੀਦਵਾਰਾਂ ਲਈ 30 ਮਈ ਤੱਕ ਰੋਡ ਸ਼ੋਅ ਕੀਤੇ ਜਾਣਗੇ, ਜਿਸ ਦੀ ਸ਼ੁਰੂਆਤ ਅੱਜ ਕੇਜਰੀਵਾਲ ਵਲੋਂ ਫ਼ਿਰੋਜ਼ਪੁਰ ਦੇ ਟਾਊਨ ਹਾਲ 'ਚ 'ਆਪ' ਆਗੂਆਂ ਨਾਲ ਮੀਟਿੰਗ ਕਰਕੇ ਹੋਵੇਗੀ। ਇਸ ਦੇ ਨਾਲ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਅਤੇ ਬਠਿੰਡਾ 'ਚ 'ਆਪ' ਉਮੀਦਵਾਰਾਂ ਦੇ ਹੱਕ 'ਚ ਰੋਡ ਸ਼ੋਅ ਕਰਨਗੇ।
AAP ਵੱਡੀ ਲੀਡ ਨਾਲ ਜਿੱਤ ਕਰੇਗੀ ਹਾਸਲ: ਇਸ ਮੌਕੇ 'ਆਪ' ਉਮਦਿਵਾਰ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਪੰਜਾਬ ਆਉਣ ਨਾਲ ਪਾਰਟੀ ਨੂੰ ਤਾਕਤ ਮਿਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ 'ਆਪ' ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿੱਤ ਹਾਸਲ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਕੀ ਕੋਈ ਵੀ ਪਾਰਟੀ ਦੇ ਲੀਡਰ ਦਾ ਪੰਜਾਬ ਆਉਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਇਸ ਦੇ ਨਾਲ ਹੀ ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਪੰਜਾਬ ਆਉਣ ਨਾਲ ਜਿੱਤ ਦਾ ਫਰਕ ਹੋਰ ਵਧੇਗਾ ਅਤੇ 'ਆਪ' ਪੰਜਾਬ 'ਚ 13 ਜ਼ੀਰੋ ਨਾਲ ਜਿੱਤ ਹਾਸਲ ਕਰੇਗੀ।