ਲੁਧਿਆਣਾ: ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਕੈਲਾਸ਼ ਨਗਰ ਚੌਂਕੀ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚੋਂ ਇੱਕ ਨਾਬਾਲਿਗ ਲੜਕੀ ਦੇ ਲਾਪਤਾ ਹੋਣ ਤੋਂ ਬਾਅਦ ਪੁਲਿਸ ਨੂੰ ਪੀੜਿਤ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਵਿੱਚ ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਲੜਕੀ ਨੂੰ ਕੋਈ ਨੌਜਵਾਨ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ, ਜਿਸ ਤੋਂ ਬਾਅਦ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉਹਨਾਂ ਦਾ ਕਹਿਣਾ ਹੈ ਕਿ ਬੱਚੀ ਮਹਿਜ਼ ਅੱਠਵੀਂ ਜਮਾਤ ਦੇ ਵਿੱਚ ਪੜਦੀ ਹੈ ਅਤੇ ਉਸਨੂੰ ਗੁਆਢ ਦੇ ਵਿੱਚ ਹੀ ਰਹਿਣ ਵਾਲਾ ਇੱਕ ਨੌਜਵਾਨ ਜਿਸ ਦੀ ਉਮਰ ਲਗਭਗ 18 ਤੋਂ 19 ਸਾਲ ਦੇ ਵਿਚਕਾਰ ਹੈ, ਉਹ ਆਪਣੇ ਨਾਲ ਭਜਾ ਕੇ ਲੈ ਗਿਆ ਹੈ। ਪਰਿਵਾਰ ਦਾ ਕਹਿਣਾ ਕਿ ਹੁਣ ਪਤਾ ਨਹੀਂ ਹੈ ਕਿ ਉਹਨਾਂ ਦੀ ਲੜਕੀ ਕਿੱਥੇ ਹੈ ਅਤੇ ਕਿਸ ਹਾਲਤ ਦੇ ਵਿੱਚ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਚੌਂਕੀ 'ਚ ਵਾਰ ਵਾਰ ਗੇੜੇ ਮਾਰਨ ਦੇ ਬਾਵਜੂਦ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।
ਲੜਕੇ ਦਾ ਪਰਿਵਾਰ ਪਾ ਰਿਹਾ ਦਬਾਅ: ਪੀੜਤ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਬੱਚੀ ਨੂੰ ਜਲਦ ਤੋਂ ਜਲਦ ਪੁਲਿਸ ਲੱਭ ਕੇ ਲੈ ਕੇ ਆਵੇ। ਉਹਨਾਂ ਨੇ ਕਿਹਾ ਕਿ ਜਿਸ ਦਿਨ ਉਹਨਾਂ ਦੀ ਲੜਕੀ ਲਾਪਤਾ ਹੋਈ ਸੀ, ਉਸ ਦਿਨ ਲੜਕੇ ਦੇ ਪਰਿਵਾਰ ਤੋਂ ਉਹਨਾਂ ਨੂੰ ਫੋਨ ਆਇਆ ਸੀ ਅਤੇ ਉਹਨਾਂ ਨੂੰ ਲੜਕੀ ਦਾ ਵਿਆਹ ਉਹਨਾਂ ਦੇ ਬੇਟੇ ਨਾਲ ਕਰਵਾਉਣ ਲਈ ਦਬਾਅ ਪਾਇਆ ਗਿਆ ਸੀ। ਉਹਨਾਂ ਕਿਹਾ ਕਿ ਹਾਲੇ ਲੜਕੀ ਛੋਟੀ ਹੈ, ਅਸੀਂ ਵਿਆਹ ਨਹੀਂ ਕਰਨਾ ਚਾਹੁੰਦੇ। ਉਹਨਾਂ ਕਿਹਾ ਕਿ ਇਹ ਜ਼ਬਰਦਸਤੀ ਹੈ ਤੇ ਪੁਲਿਸ ਇਸ ਵਿੱਚ ਕੋਈ ਮਦਦ ਨਹੀਂ ਕਰ ਰਹੀ ਹੈ। ਜਦੋਂ ਕਿ ਦੂਜੇ ਪਾਸੇ ਕੈਲਾਸ਼ ਨਗਰ ਚੌਂਕੀ ਦੇ ਤਫਤੀਸ਼ ਅਫਸਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਸਾਡੇ ਕੋਲ ਮਾਮਲਾ ਆਇਆ ਸੀ ਤੇ ਅਸੀਂ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਲੜਕੀ ਦੀ ਭਾਲ ਕਰ ਰਹੇ ਹਾਂ। ਉਹਨਾਂ ਕਿਹਾ ਕਿ ਲੜਕੀ ਦੇ ਕੋਲ ਕੋਈ ਮੋਬਾਈਲ ਵੀ ਨਹੀਂ ਹੈ, ਇਸ ਕਰਕੇ ਲੱਭਣ ਦੇ ਵਿੱਚ ਮੁਸ਼ਕਿਲ ਆ ਰਹੀ ਹੈ।
ਪੀੜਤ ਪਰਿਵਾਰ ਨੇ ਪੁਲਿਸ 'ਤੇ ਲਾਏ ਦੋਸ਼: ਲੜਕੀ ਦੇ ਪਰਿਵਾਰ ਵੱਲੋਂ ਇਹ ਇਲਜ਼ਾਮ ਲਗਾਏ ਗਏ ਹਨ ਕਿ ਪੁਲਿਸ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਜਦੋਂ ਅਸੀਂ ਪੁਲਿਸ ਕੋਲ ਗਏ ਤਾਂ ਉਹਨਾਂ ਨੇ ਸਾਨੂੰ ਉਲਟਾ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਉਹਨਾਂ ਦੀ ਕੁੜੀ ਨੂੰ ਉਹਨਾਂ ਨੇ ਥੋੜੀ ਕਿਤੇ ਭੇਜਿਆ ਹੈ। ਪੀੜਤ ਦੀ ਮਾਂ ਨੇ ਕਿਹਾ ਕਿ ਉਹਨਾਂ ਦੀ ਬੱਚੀ ਨੂੰ ਵਾਪਸ ਲਿਆਂਦਾ ਜਾਵੇ ਅਤੇ ਸਾਡੀ ਮਦਦ ਕੀਤੀ ਜਾਵੇ ਅਤੇ ਮੁਲਜ਼ਮ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਸਾਡੀ ਬੱਚੀ ਨਾਬਾਲਿਗ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ। ਉਧਰ ਦੂਜੇ ਪਾਸੇ ਲੜਕਾ ਜਿਸ ਦੇ ਨਾਲ ਰਹਿੰਦਾ ਸੀ ਉਸਨੇ ਕਿਹਾ ਹੈ ਕਿ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਲੜਕੀ ਨੂੰ ਕਿੱਥੇ ਲੈ ਕੇ ਗਿਆ ਹੈ। ਉਹਨਾਂ ਕਿਹਾ ਕਿ ਉਸ ਨੂੰ ਕੋਈ ਅਤਾ ਪਤਾ ਨਹੀਂ ਹੈ ਕਿ ਲੜਕਾ ਕਿੱਥੋਂ ਦਾ ਰਹਿਣ ਵਾਲਾ ਸੀ ਅਤੇ ਕਿੱਥੇ ਗਿਆ ਹੈ।