ਬਠਿੰਡਾ: ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਜਗਤਾਰ ਸਿੰਘ ਨੇ ਆਪਣੀ ਪਤਨੀ ਅਤੇ ਉਸ ਦੇ ਪੇਕੇ ਪਰਿਵਾਰ ਉੱਤੇ ਗੋਲੀਆਂ ਚਲਾ ਕੇ ਆਪਣੀ ਹੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮੁਸਜ਼ਮ ਜਗਤਾਰ ਸਿੰਘ ਦੀ ਧਰਮ ਪਤਨੀ ਸੁਖਬੀਰ ਕੌਰ ਦੀ ਮੌਤ ਹੋ ਗਈ ਜਦ ਕਿ ਉਸ ਦੀ ਭਰਜਾਈ ਮਨਜੀਤ ਕੌਰ ਪਤਨੀ ਸੁਖਪ੍ਰੀਤ ਸਿੰਘ ਫੌਜੀ ਵਾਸੀ ਥਰਾਜ (ਹਰਿਆਣਾ) ਅਤੇ ਉਸ ਦੀ ਭਰਜਾਈ ਦਾ ਭਰਾ ਸੁੱਖਾ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਕਲਾਲ ਵਾਲਾ ਗੋਲੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ ਹੈ।
ਘਰੇਲੂ ਕਲੇਸ਼ ਕਾਰਣ ਚੱਲੀ ਗੋਲ਼ੀ
ਇਸ ਸਬੰਧੀ ਜ਼ਖ਼ਮੀ ਸੁੱਖਾ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਭੈਣ ਦੀ ਨਣਦ ਸੁਖਬੀਰ ਕੌਰ ਪਿੰਡ ਜੀਵਨ ਸਿੰਘ ਵਾਲਾ ਵਿੱਚ ਜਗਤਾਰ ਸਿੰਘ ਨਾਲ ਵਿਆਹੀ ਹੋਈ ਸੀ ਅਤੇ ਉਸ ਦਾ ਆਪਣੇ ਪਤੀ ਜਗਤਾਰ ਸਿੰਘ ਨਾਲ ਕਿਸੇ ਹੋਰ ਔਰਤ ਨਾਲ ਗੈਰ ਸਮਾਜਿਕ ਸਬੰਧਾਂ ਦੇ ਸ਼ੱਕ ਕਰਕੇ ਝਗੜਾ ਚਲਦਾ ਸੀ ਅਤੇ ਉਹ ਕਾਫੀ ਸਮੇਂ ਤੋਂ ਆਪਣੇ ਪੇਕੇ ਪਿੰਡ ਥਰਾਜ ਬੈਠੀ ਹੋਈ ਸੀ। ਜਿਸ ਨੂੰ ਪੇਕੇ ਪਰਿਵਾਰ ਉਸ ਦੇ ਸਹੁਰੇ ਪਿੰਡ ਜੀਵਨ ਸਿੰਘ ਵਾਲਾ ਵਿੱਚ ਛੱਡਣ ਆਏ ਸਨ।
ਸੁਖਬੀਰ ਕੌਰ ਦੀ ਹੋਈ ਮੌਤ
ਜ਼ਖ਼ਮੀ ਮੁਤਾਬਿਕ ਉਹ ਸੁਖਬੀਰ ਕੌਰ ਦੇ ਸਹੁਰੇ ਘਰ ਪਹੁੰਚੇ ਹੀ ਸਨ ਕਿ ਅੰਦਰੋਂ ਉਹਨਾਂ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਗਏ। ਜਿਸ ਵਿੱਚ ਮੈਂ ਅਤੇ ਮੇਰੀ ਭੈਣ ਮਨਜੀਤ ਕੌਰ ਅਤੇ ਉਸ ਦੀ ਸੁਖਬੀਰ ਕੌਰ ਗਭੀਰ ਜ਼ਖ਼ਮੀ ਹੋ ਗਏ, ਜਿਨਾਂ ਨੂੰ ਤਲਵੰਡੀ ਸਾਬੋ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਗੋਲ਼ੀ ਦੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਸੁਖਬੀਰ ਕੌਰ ਨੇ ਦਮ ਤੋੜ ਦਿੱਤਾ। ਜ਼ਖ਼ਮੀ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਉੱਤੇ ਵੀ ਇਲਜ਼ਾਮ ਲਾਏ ਕਿ ਉਹ ਪੁਲਿਸ ਨੂੰ ਸਵੇਰ ਦੇ ਬੁਲਾ ਰਹੇ ਸੀ ਪਰ ਪੁਲਿਸ ਸਮੇਂ ਸਿਰ ਨਹੀਂ ਪਹੁੰਚੀ। ਪੀੜਤ ਨੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਉੱਧਰ ਤਲਵੰਡੀ ਸਾਬੋ ਦੇ ਡੀਐੱਸਪੀ ਨੇ ਘਟਨਾ ਸਬੰਧੀ ਦੱਸਿਆ ਕਿ ਮ੍ਰਿਤਕ ਸੁਖਬੀਰ ਕੌਰ ਪਤਨੀ ਜਗਤਾਰ ਸਿੰਘ ਆਪਣੇ ਪਤੀ ਦੇ ਕਿਸੇ ਹੋਰ ਔਰਤ ਨਾਲ ਗੈਰ ਸਮਾਜਿਕ ਸਬੰਧ ਹੋਣ ਦਾ ਸ਼ੱਕ ਕਰਦੀ ਸੀ ਜਿਸ ਨੂੰ ਲੈ ਕੇ ਅੱਜ ਇਹ ਘਟਨਾ ਵਾਪਰੀ ਹੈ। ਪੁਲਿਸ ਨੇ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।