ਸ਼ੰਭੂ ਬਾਰਡਰ/ਚੰਡੀਗੜ੍ਹ : ਅੱਜ ਕਿਸਾਨ ਅੰਦੋਲਨ 2.0 ਦੇ ਚੌਥੇ ਦਿਨ ਬੇਹੱਦ ਮੰਦਭਾਗੀ ਖਬਰ ਸਾਹਮਣੇ ਅਤੇ ਇੱਥੇ ਇੱਕ ਬਜ਼ੁਰਗ ਕਿਸਾਨ ਦੀ ਮੌਤ ਹੋਈ ਹੈ। ਦੱਸਿਆ ਜਾ ਰਿਹਾ ਕਿ ਕਿਸਾਨ ਗਿਆਨ ਸਿੰਘ ਦੀ ਮ੍ਰਿਤਕ ਦੇਹ ਨੂੰ ਸ਼ੰਭੂ ਮੋਰਚਾ ਵਿਖੇ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਅੰਤਿਮ ਸੰਸਕਾਰ ਭਲਕੇ ਉਨ੍ਹਾਂ ਦੇ ਜੱਦੀ ਪਿੰਡ ਚਾਚੋਕੀ, ਜ਼ਿਲ੍ਹਾ ਗੁਰਦਾਸਪੁਰ ਵਿਖੇ ਕੀਤਾ ਜਾਵੇਗਾ। ਦੱਸ ਦਈਏ 70 ਸਾਲਾ ਗਿਆਨ ਸਿੰਘ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪੁੱਜਿਆ ਸੀ। ਇੱਥੇ ਉਹ ਅੰਬਾਲਾ ਦੇ ਸ਼ੰਭੂ ਬਾਰਡਰ ‘ਤੇ ਪ੍ਰਦਰਸ਼ਨ 'ਚ ਉਹਨਾਂ ਵੱਲੋਂ ਵੀ ਆਪਣਾ ਸਹਿਯੋਗ ਦਿੱਤਾ ਜਾ ਰਿਹਾ ਸੀ ਕਿ ਅਚਾਨਕ ਹੀ ਵੀਰਵਾਰ ਦੇਰ ਸ਼ਾਮ ਛਾਤੀ ‘ਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਦਿਲ ਦਾ ਦੌਰਾ ਪੈਣ ਦੀ ਪੁਸ਼ਟੀ ਹੋਈ ਅਤੇ ਅੱਜ ਉਹਨਾਂ ਦੀ ਮੌਤ ਹੋ ਗਈ। ਕਿਸਾਨ ਦੀ ਮੌਤ ਦੀ ਖਬਰ ਸੁਣਦੇ ਹੀ ਅੰਦੋਲਨ ਵਿੱਚ ਸੋਗ ਦਾ ਮਾਹੌਲ ਪਸਰ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮਰਿਕਟ ਕਿਸਾਨ ਗੁਰਦਾਸਪੁਰ ਜ਼ਿਲ੍ਹੇ ਦਾ ਵਸਨੀਕ ਸੀ।
ਕਿਸਾਨਾਂ ਉਤੇ ਤਸ਼ਦੱਦ: ਹਰਿਆਣਾ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ ਅੱਜ ਚੌਥਾ ਦਿਨ ਹੋ ਗਿਆ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਦਿੱਲੀ ਨੂੰ ਚਾਲੇ ਪਾਏ ਸਨ ਪਰ ਹਰਿਆਣਾ ਸਰਕਾਰ ਦੀਆਂ ਰੋਕਾਂ ਕਰਕੇ ਕਿਸਾਨ ਖਨੌਰੀ ਅਤੇ ਸ਼ੰਭੂ ਸਰਹੱਦ 'ਤੇ ਹੀ ਬੈਠ ਗਏ ਹਨ। ਇਸ ਵਿਚਾਲੇ ਚਾਰ ਦਿਨਾਂ ਤੋਂ ਸਰਹੱਦਾਂ ਉੱਤੇ ਵੱਖ ਵੱਖ ਤਰ੍ਹਾਂ ਦਾ ਮਾਹੌਲ ਵੇਖਣ ਨੂੰ ਮਿਲਿਆ। ਜਿਥੇ ਪਹਿਲੇ ਦੋ ਦਿਨ ਕਿਸਾਨਾਂ ਉੱਤੇ ਹਰਿਆਣਾ ਪੁਲਿਸ ਅਤੇ ਫੌਜ ਵੱਲੋਂ ਅਥਰੂ ਗੈਸ ਦੇ ਗੋਲੇ ਸੁੱਟੇ ਗਏ। ਉਥੇ ਹੀ ਦੂਜੇ ਪਾਸੇ ਕਿਸਾਨਾਂ ਉੱਤੇ ਗੰਦਾ ਅਤੇ ਮਿਰਚਾਂ ਵਾਲਾ ਪਾਣੀ ਵੀ ਸੁੱਟਿਆ ਗਿਆ। ਫਿਰ ਵੀ ਕਿਸਾਨ ਆਪਣੇ ਮੋਰਚੇ ਉੱਤੇ ਡਟੇ ਰਹੇ।
ਕਿਸਾਨਾਂ ਦਾ ਰੋਸ: ਜ਼ਿਕਰਯੋਗ ਹੈ ਕਿ ਕਿਸਾਨਾ ਵੱਲੋਂ ਮੰਗਾਂ ਨੂੰ ਲੈਕੇ ਲਗਾਤਾਰ ਰੋਸ ਪਰਗਟ ਕਰਦਿਆਂ ਧਰਨੇ ਦਿੱਤੇ ਜਾ ਰਹੇ ਹਨ ਅਤੇ ਅੰਦੋਲਨ ਸਬੰਧੀ ਹੁਣ ਤੱਕ ਕੇਂਦਰੀ ਮੰਤਰੀਆਂ ਨਾਲ ਚੰਡੀਗੜ੍ਹ ਵਿੱਚ ਬੀਤੀ ਦੇਰ ਰਾਤ ਤੀਜੇ ਗੇੜ ਦੀ ਮੀਟਿੰਗ ਵੀ ਹੋਈ ਹੈ। ਇਸ ਤੋਂ ਬਾਅਦ ਕਿਸਾਨ ਆਗੂ ਪ੍ਰੈਸ ਕਾਨਫਰੰਸ ਵਿੱਚ ਭਵਿੱਖ ਦੀ ਰਣਨੀਤੀ ਬਾਰੇ ਦੱਸਣਗੇ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਕਿਸਾਨ ਐਤਵਾਰ ਤੱਕ ਹੱਦ ‘ਤੇ ਖੜ੍ਹੇ ਰਹਿਣਗੇ ਅਤੇ ਅੱਗੇ ਨਹੀਂ ਵਧਣਗੇ। ਕਿਉਂਕਿ ਐਤਵਾਰ ਨੂੰ ਚੰਡੀਗੜ੍ਹ ਵਿੱਚ ਸਰਕਾਰ ਅਤੇ ਕਿਸਾਨਾਂ ਵਿਚਾਲੇ ਇੱਕ ਹੋਰ ਮੀਟਿੰਗ ਹੋਣੀ ਹੈ।