ਲੁਧਿਆਣਾ : ਪੰਜਾਬ ਵਿੱਚ ਕਾਲੇ ਪਾਣੀ ਦਾ ਮੋਰਚਾ ਕਈ ਦਿਨਾਂ ਤੋਂ ਭਖਿਆ ਨਜ਼ਰ ਆ ਰਿਹਾ ਹੈ। ਬੁੱਢੇ ਦਰਿਆ ‘ਚੋਂ ਸਤਲੁਜ ‘ਚ ਪੈਂਦੇ ਜ਼ਹਿਰੀ ਪਾਣੀ ਨੂੰ ਰੋਕਣ ਦੇ ਲਈ ਤਿੰਨ ਦਸੰਬਰ ਨੂੰ ਕਾਲੇ ਪਾਣੀ ਦਾ ਮੋਰਚਾ ਦੇ ਵੱਲੋਂ ਲੁਧਿਆਣਾ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਸੀ। ਲੁਧਿਆਣਾ ਦੇ ਵਿੱਚ ਕਾਲੇ ਪਾਣੀ ਦੇ ਮੋਰਚੇ ਦੇ ਆਗੂਆਂ ਵੱਲੋਂ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਕਰਦੇ ਹੋਏ ਵੱਡਾ ਐਲਾਨ ਕੀਤਾ ਗਿਆ ਹੈ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਲੱਖਾ ਸਿਧਾਣਾ ਅਮਿਤੋਜ ਮਾਨ ਅਤੇ ਹੋਰ ਵੀ ਆਗੂ ਸ਼ਾਮਿਲ ਰਹੇ ਹਨ। ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਵੱਡਾ ਕਾਫਲਾ ਤਿਆਰ ਕੀਤਾ ਜਾਵੇਗਾ। ਜੋ ਸਰਕਾਰ ਦੇ ਖਿਲਾਫ ਆਰ-ਪਾਰ ਦੀ ਜੰਗ ਸ਼ੁਰੂ ਕਰੇਗਾ।
ਆਪਣੇ ਕੀਤੇ ਵਾਅਦੇ ਤੋਂ ਮੁੱਕਰੀ ਸਰਕਾਰ
ਕਾਲੇ ਪਾਣੀ ਦੇ ਮੋਰਚੇ ਦੇ ਆਗੂ ਅਮਿਤੋਜ ਮਾਨ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਗਈ ਹੈ। 3 ਦਸੰਬਰ ਨੂੰ ਉਨ੍ਹਾਂ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਸੀ, ਉਸ ਵਿੱਚ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਇੱਕ ਬਹਾਦਰਕੇ ਦੇ ਟ੍ਰੀਟਮੈਂਟ ਪਲਾਂਟ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇਗਾ ਅਤੇ ਬਾਕੀ ਦੇ ਲਈ ਉਨ੍ਹਾਂ ਵੱਲੋਂ ਸਾਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ ਪਰ ਸਰਕਾਰ ਨੇ ਖੁਦ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਲਾਂਟ ਨੂੰ ਇਹ ਕਹਿ ਕੇ ਬਕਾਇਦਾ ਇੱਕ ਲੈਟਰ ਜਾਰੀ ਕੀਤਾ ਕਿ ਤੁਸੀਂ ਵੀ ਜਾ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ngt) ਤੋਂ ਸਟੇਅ ਲੈ ਲਓ। ਆਗੂ ਅਮਿਤੋਜ ਮਾਨ ਨੇ ਕਿਹਾ ਕਿ ਇਸ ਤੋਂ ਜ਼ਾਹਿਰ ਹੈ ਕਿ ਸਰਕਾਰ ਦੀ ਮਨਸ਼ਾ ਸਾਫ ਨਹੀਂ ਹੈ ਉਹ ਪਾਣੀ ਨੂੰ ਸਾਫ ਨਹੀਂ ਕਰਨਾ ਚਾਹੁੰਦੇ।
ਜਾਣਬੁੱਝ ਕੇ ਪ੍ਰਸ਼ਾਸਨ ਨੇ ਰੋਕਿਆ
ਮੋਰਚੇ ਦੇ ਆਗੂ ਲੱਖਾ ਸਿਧਾਣਾ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਨੇ 3 ਦਸੰਬਰ ਨੂੰ ਧੱਕਾ ਕੀਤਾ, ਸਾਡੇ ਧਰਨੇ ਪ੍ਰਦਰਸ਼ਨ ਨੂੰ ਕਨੂੰਨ ਵਿਵਸਥਾ ਦੇ ਨਾਲ ਜੋੜ ਕੇ ਵਿਖਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਸ ਦਿਨ ਕਿਸੇ ਵੀ ਤਰ੍ਹਾਂ ਦਾ ਮਹੌਲ ਪੈਦਾ ਹੋ ਸਕਦਾ ਸੀ, ਸਾਨੂੰ ਜਾਣ ਬੁਝ ਕੇ ਪ੍ਰਸ਼ਾਸਨ ਨੇ ਰੋਕਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਕਰਕੇ ਅਸੀਂ ਹੁਣ ਫੈਸਲਾ ਲਿਆ ਹੈ ਕਿ ਸਰਕਾਰ ਕੋਈ ਇਸ 'ਤੇ ਸਖ਼ਤ ਫੈਸਲਾ ਨਹੀਂ ਲਵੇਗੀ ਅਤੇ ਅਸੀਂ ਹੁਣ ਇਸ ਮਾਮਲੇ ਨੂੰ ਲੈ ਕੇ ਆਰ ਪਾਰ ਦੀ ਲੜਾਈ ਲੜਨ ਜਾ ਰਹੇ ਹਨ।
ਮਸਲਾ ਕਾਫੀ ਗੰਭੀਰ
ਆਗੂਆਂ ਨੇ ਕਿਹਾ ਕਿ ਐਨਜੀਟੀ ਨੇ ਸਾਫ ਕਹਿ ਦਿੱਤਾ ਹੈ ਕਿ ਜੇਕਰ ਪਾਣੀ ਗੰਦਾ ਹੈ ਤਾਂ ਉਸ ਨੂੰ ਬੁੱਢੇ ਨਾਲੇ ਵਿੱਚ ਕਿਸੇ ਵੀ ਹਾਲਤ ਪਾਇਆ ਨਹੀਂ ਜਾ ਸਕਦਾ। ਉੱਥੇ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਐਨਜੀਟੀ ਨੇ ਅਹਿਮ ਫੈਸਲਾ ਲੈਂਦੇ ਹੋਏ ਪਹਿਲੀ ਵਾਰ ਇਹ ਕੀਤਾ ਹੈ ਕਿ ਕਿਸੇ ਵੀ ਮਾਮਲੇ ਦੇ ਵਿੱਚ ਆਰਡਰ ਦੀ ਤਰੀਕ ਤੋਂ ਪਹਿਲਾਂ ਹੀ ਤਰੀਕ ਪਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੋ 20 ਮਾਰਚ ਦਾ ਸਮਾਂ ਸੀ ਉਸ ਨੂੰ ਬਦਲ ਕੇ 23 ਦਸੰਬਰ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਮਸਲਾ ਕਾਫੀ ਗੰਭੀਰ ਹੈ ਅਤੇ ਸਾਡੇ ਆਗੂ ਵੱਲੋਂ ਸਾਰੀ ਗੱਲ ਐਨਜੀਟੀ ਨੂੰ ਜਾ ਕੇ ਦੱਸੀ ਗਈ ਹੈ।