ਮਾਨਸਾ: ਅੱਖਾਂ ਦੇ ਵਿੱਚ ਹੰਝੂ ਵਹਾ ਰਹੀ ਅਤੇ ਲਾਸ਼ ਦੇ ਕੋਲ ਬੈਠੀ ਇਹ ਅਜਿਹੀ ਮਾਂ ਹੈ, ਜਿਸ ਦੇ ਇਕਲੌਤੇ ਪੁੱਤਰ ਨੂੰ ਨਸ਼ੇ ਦੇ ਦੈਂਤ ਨੇ ਖੋਹ ਲਿਆ ਹੈ। ਇਹ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟੜਾ ਤੋਂ ਸਾਹਮਣੇ ਆਇਆ ਹੈ, ਜਿੱਥੇ 28 ਸਾਲਾ ਨੌਜਵਾਨ ਹਰਜਿੰਦਰ ਸਿੰਘ ਦੀ ਮਾਤਾ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਬੇਟੇ ਦੀ ਨਸ਼ੇ ਦੀ ਓਵਰਡੋਜ ਦੇ ਨਾਲ ਮੌਤ ਹੋ ਗਈ ਹੈ। ਪਰਿਵਾਰ ਨੇ ਕਿਹਾ ਕਿ ਨੌਜਵਾਨ ਨਸ਼ੇ ਦੀ ਜਾਕੜ ਵਿੱਚ ਆ ਰਹੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਿਹਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਲਕਾਰੀਆਂ ਸੁਣਨ ਦੀ ਬਜਾਏ ਨਸ਼ੇ ਨੂੰ ਖਤਮ ਕਰੇ ਤਾਂ ਕਿ ਨੌਜਵਾਨਾਂ ਨੂੰ ਬਚਾਇਆ ਜਾ ਸਕੇ।
ਨਸ਼ੇ ਦੇ ਓਵਰਡੋਜ ਨਾਲ ਮੌਤ: ਕਾਬਿਲੇਗੌਰ ਹੈ ਕਿ ਹਰ ਸਰਕਾਰ ਵੱਲੋਂ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਦਾਵਿਆਂ ਦੀ ਫੂਕ ਉਦੋਂ ਨਿਕਲ ਜਾਂਦੀ ਹੈ ਜਦੋਂ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ। ਅਜਿਹਾ ਹੀ ਮਾਮਲਾ ਮਾਨਸਾ ਦੇ ਪਿੰਡ ਕੋਟੜਾ ਤੋਂ ਸਾਹਮਣੇ ਆਇਆ ਹੈ ਜਿੱਥੇ 28 ਸਾਲਾ ਨੌਜਵਾਨ ਦੀ ਨਸ਼ੇ ਦੇ ਨਾਲ ਮੌਤ ਹੋਣ ਤੋਂ ਬਾਅਦ ਪਿੰਡ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਚਿੱਟੇ ਸਮੇਤ ਮੈਡੀਕਲ ਨਸ਼ਾ ਵੱਧਦਾ ਜਾ ਰਿਹਾ: ਮ੍ਰਿਤਕ ਦੇ ਪਰਿਵਾਰ ਨੇ ਕਿਹਾ ਕਿ ਉਹਨਾਂ ਦੇ ਬੇਟੇ ਦੀ ਚਿੱਟੇ ਸਮੇਤ ਅਲੱਗ-ਅਲੱਗ ਨਸ਼ੇ ਦੇ ਦਲਦਲ ਵਿੱਚ ਪਿਛਲੇ ਕਾਫੀ ਸਮੇਂ ਤੋਂ ਫਸ ਗਿਆ ਸੀ। ਰੋਕਣ ਦੇ ਲਈ ਪਰਿਵਾਰ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਜਾਨ ਨਸ਼ੇ ਨੇ ਲੈ ਲਈ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਤੱਕ ਕਾਫੀ ਸਮੇਂ ਤੋਂ ਉਹ ਗੁਹਾਰ ਲਗਾ ਰਹੇ ਹਨ ਪਰ ਉਹਨਾਂ ਦੇ ਪਿੰਡ ਵਿੱਚ ਲਗਾਤਾਰ ਚਿੱਟੇ ਸਮੇਤ ਮੈਡੀਕਲ ਨਸ਼ਾ ਵੱਧਦਾ ਜਾ ਰਿਹਾ ਹੈ। ਉਨਹਾਂ ਕਿਹਾ ਕਿ ਕਿਸੇ ਵੀ ਪ੍ਰਸ਼ਾਸਨ ਅਤੇ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ, ਜਿਸ ਕਾਰਨ ਅੱਜ ਪਰਿਵਾਰ ਨੂੰ ਖਮਿਆਜਾ ਭੁਗਤਣਾ ਪਿਆ ਹੈ।
ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤੇ: ਉਹਨਾਂ ਕਿਹਾ ਕਿ ਬੇਟੇ ਦੀ ਨਸ਼ੇ ਦੀ ਓਵਰਡੋਜ ਦੇ ਨਾਲ ਮੌਤ ਹੋ ਗਈ ਹੈ ਅਤੇ ਉਸਨੇ ਅੱਜ ਆਪਣੀ ਜਾਨ ਗਵਾ ਲਈ ਹੈ। ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਬਦਲਾਅ ਦੇ ਨਾਮ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਸੱਤਾ ਵਿੱਚ ਆਈ ਅਤੇ ਲੋਕਾਂ ਨੂੰ ਉਮੀਦ ਸੀ ਕਿ ਬਦਲਾਅ ਹੋਵੇਗਾ ਪਰ ਲਗਾਤਾਰ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਕਿਲਕਾਰੀਆਂ ਨਹੀਂ ਸੁਣਦੀਆਂ ਅਤੇ ਸਰਕਾਰ ਜ਼ਮੀਨੀ ਪੱਧਰ 'ਤੇ ਨਸ਼ੇ ਨੂੰ ਖਤਮ ਕਰਨ ਦੇ ਲਈ ਕੋਈ ਵੀ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੌਂ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਦਾ ਪ੍ਰਸ਼ਾਸਨ ਸਮੇਂ 'ਤੇ ਨਸ਼ੇ ਵਾਲਿਆਂ ਦੇ ਖਿਲਾਫ ਕਾਰਵਾਈ ਕਰੇ ਤਾਂ ਉਹਨਾਂ ਦੇ ਨੌਜਵਾਨ ਪੁੱਤਰਾਂ ਦੀ ਜਾਨ ਬਚ ਸਕਦੀ ਹੈ।