ਅੰਮ੍ਰਿਤਸਰ: ਪਾਕਿਸਤਾਨ ਤੋਂ ਭਾਰਤ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਮੇਤ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਆਏ ਇੱਕ ਪਰਿਵਾਰ ਦਾ ਬਜ਼ੁਰਗ ਸ੍ਰੀ ਦਰਬਾਰ ਸਾਹਿਬ ਵਿਖੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਚਿੰਤਾ ਜਾਹਿਰ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਥਾਵਾਂ 'ਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਪਾਕਿਸਤਾਨ ਤੋਂ ਆਇਆ ਬਜ਼ੁਰਗ ਲਾਪਤਾ
ਮੀਡੀਆ ਨਾਲ ਗੱਲਬਾਤ ਕਰਦਿਆਂ ਲਾਪਤਾ ਹੋਏ ਬਜ਼ੁਰਗ ਵਿਅਕਤੀ ਦੇ ਪੁੱਤਰ ਨੇ ਦੱਸਿਆ ਕਿ ਉਹ 27 ਤਰੀਕ ਨੂੰ ਵਾਹਘਾ ਸਰਹੱਦ ਰਾਹੀਂ ਭਾਰਤ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਲਖਨਊ ਜਾਣਾ ਸੀ। ਉਨ੍ਹਾਂ ਕਿਹਾ ਕਿ ਕੱਲ੍ਹ ਸਵੇਰੇ 5 ਵਜੇ ਦੇ ਕਰੀਬ ਉਸ ਦੇ ਬਜ਼ੁਰਗ ਪਿਤਾ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਗਏ ਪਰ ਵਾਪਸ ਹੋਟਲ ਨਹੀਂ ਪਹੁੰਚੇ।
ਪਰਿਵਾਰ ਨੇ ਮਦਦ ਦੀ ਲਗਾਈ ਗੁਹਾਰ
ਕੱਲ੍ਹ ਤੋਂ ਹੀ ਲਗਾਤਾਰ ਉਹ ਆਪਣੇ ਪਿਤਾ ਦੀ ਭਾਲ ਕਰ ਰਹੇ ਹਨ ਅਤੇ ਇਸ ਸਬੰਧ ਵਿੱਚ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੀ ਇਸ ਮਾਮਲੇ ਵਿੱਚ ਉਹਨਾਂ ਦਾ ਸਾਥ ਦੇ ਰਹੀ ਹੈ ਅਤੇ ਵੱਖ-ਵੱਖ ਥਾਵਾਂ ਉੱਤੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਮੀਡੀਆ ਦੇ ਰਾਹੀ ਵੀ ਅਪੀਲ ਕਰਦੇ ਹਾਂ ਕਿ ਜੇਕਰ ਕਿਸੇ ਨੂੰ ਉਨ੍ਹਾਂ ਦੇ ਬਜ਼ੁਰਗ ਪਿਤਾ ਮਿਲਦੇ ਹਨ ਤਾਂ ਉਹਨਾਂ ਤੱਕ ਪਹੁੰਚ ਕੀਤੀ ਜਾਵੇ।
ਪੁਲਿਸ ਵੱਲੋਂ ਭਾਲ ਜਾਰੀ
ਦੂਜੇ ਪਾਸੇ ਇਸ ਮਾਮਲੇ 'ਚ ਗੱਲਬਾਤ ਕਰਦਿਆਂ ਥਾਣਾ ਬੀ ਡਿਵਿਜ਼ਨ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਉਹਨਾਂ ਕੋਲ ਦਰਖਾਸਤ ਆਈ ਸੀ ਕਿ ਇੱਕ ਪਾਕਿਸਤਾਨ ਤੋਂ ਪਰਿਵਾਰ ਭਾਰਤ ਆਇਆ ਹੈ ਅਤੇ ਉਹਨਾਂ ਦਾ ਬਜ਼ੁਰਗ ਵਿਅਕਤੀ ਦਰਬਾਰ ਸਾਹਿਬ ਤੋਂ ਲਾਪਤਾ ਹੋ ਗਿਆ ਹੈ। ਪੁਲਿਸ ਇਸ ਮਾਮਲੇ 'ਚ ਕਾਰਵਾਈ ਕਰ ਰਹੀ ਹੈ ਅਤੇ ਹੁਣੇ ਇਹ ਜਾਣਕਾਰੀ ਮਿਲੀ ਹੈ ਕਿ ਉਹ ਬਜ਼ੁਰਗ ਵਿਅਕਤੀ ਪਾਣੀਪਤ ਪਹੁੰਚ ਗਿਆ ਹੈ ਅਤੇ ਜਲਦ ਹੀ ਉਸ ਬਜ਼ੁਰਗ ਨਾਲ ਸੰਪਰਕ ਕਰਕੇ ਪਰਿਵਾਰ ਨੂੰ ਸੌਂਪਿਆ ਜਾਵੇਗਾ।
- ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ, ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਵਿਦੇਸ਼ੀ ਹਥਿਆਰਾਂ ਸਣੇ ਤਸਕਰ ਕੀਤੇ ਕਾਬੂ
- ਵਿਸ਼ਵ ਬੈਂਕ ਅੱਗੇ ਪੰਜਾਬ ਸਰਕਾਰ ਨੇ ਅੱਡੇ ਹੱਥ, CM ਮਾਨ ਨੇ ਕੀਤੀ ਬੈਂਕ ਅਧਿਕਾਰੀਆਂ ਨਾਲ ਮੀਟਿੰਗ
- ਚੰਡੀਗੜ੍ਹ ਕਲੱਬ ਬਲਾਸਟ ਮਾਮਲੇ 'ਚ 2 ਮੁਲਜ਼ਮ ਹਿਸਾਰ ਤੋਂ ਗ੍ਰਿਫਤਾਰ, ਐਨਕਾਊਂਟਰ ਦੌਰਾਨ ਦੋਵਾਂ ਦੀਆਂ ਲੱਤਾਂ 'ਚ ਵੱਜੀਆਂ ਗੋਲੀਆਂ