ਲੁਧਿਆਣਾ: ਥਾਣਾ ਫੋਕਲ ਪੁਆਇੰਟ ਅਧੀਨ ਪੈਂਦੇ ਇਲਾਕੇ ਵੈਸਾਖਾ ਯਾਰਡ, ਢੰਡਾਰੀ ਖੁਰਦ ਖਾਲੀ ਪਲਾਟ ਵਿੱਚ ਇੱਕ ਨਾਮਲੂਮ ਵਿਅਕਤੀ ਉਮਰ ਕਰੀਬ 30-31 ਸਾਲ ਦੀ ਲਾਸ਼ ਬਰਾਮਦ ਹੋਈ ਸੀ। ਲਾਸ਼ ਮਿਤੀ 20 ਦਸੰਬਰ ਨੂੰ ਬਰਾਮਦ ਕੀਤੀ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਰਾਹੁਲ ਨਾਂ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਆਪਣੇ ਸਾਥੀ ਨਾਲ ਮਿਲ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਦਰਅਸਲ, ਮ੍ਰਿਤਕ ਦਾ ਕਿਸੇ ਨਾਮਲੂਮ ਮੁਲਜ਼ਮਾਂ ਵੱਲੋਂ ਤੇਜ਼ਧਾਰ ਹਥਿਆਰਾ ਨਾਲ ਅਤੇ ਰੱਸੀ ਨਾਲ ਉਸ ਦਾ ਗਲਾ ਕੱਟਿਆ ਸੀ। ਮ੍ਰਿਤਕ ਦੀ ਸਨਾਖਤ ਬ੍ਰਿਜੇਸ਼ ਸਾਹੂ ਉਮਰ ਕਰੀਬ 31 ਸਾਲ, ਵਾਸੀ ਨੇੜੇ ਮਾਤਾ ਦੀਨ ਸ਼ਾਹੂ ਦਾ ਮਕਾਨ, ਸ਼ਨੀਵਾਰ ਮੰਡੀ, ਢੰਡਾਰੀ ਖੁਰਦ, ਲੁਧਿਆਣਾ ਵਜੋਂ ਹੋਈ, ਜਿਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕੀਤੀ। ਇਸ ਤੋਂ ਬਾਅਦ ਪੁਲਿਸ ਵੱਲੋਂ ਵੱਖ-2 ਟੀਮਾਂ ਗਠਿਤ ਕਰਕੇ ਇਸ ਕੇਸ ਦੀ ਹਿਉਮਨ ਅਤੇ ਟੈਕਨੀਕਲ ਤਫਤੀਸ਼ ਆਰੰਭ ਕੀਤੀ।
ਪਿਤਾ ਦੀ ਮੌਤ ਨੇ ਬਣਾਇਆ ਕਾਤਲ
ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਦਾ ਨਾਮ ਬ੍ਰਿਜੇਸ਼ ਸਾਹੂ ਜੋ ਕਿ ਤਾਂਤਰਿਕ ਦਾ ਕੰਮ ਕਰਦਾ ਸੀ, ਰਾਹੁਲ ਕੁਮਾਰ ਜੋ ਕਿ ਮ੍ਰਿਤਕ ਬ੍ਰਿਜੇਸ਼ ਸਾਹੂ ਦਾ ਦੋਸਤ ਹੋਣ ਕਰਕੇ ਇਸ ਦੇ ਕੋਲ ਆਉਂਦਾ ਜਾਂਦਾ ਸੀ, ਜਿਸ ਕਾਰਨ ਰਾਹੁਲ ਦਾ ਪਿਤਾ ਮੇਘਨਾਥ ਇਸ ਨੂੰ ਰੋਕਦਾ ਸੀ, ਪਰ ਰਾਹੁਲ ਕੁਮਾਰ ਨੇ ਆਪਣੇ ਪਿਤਾ ਦੀ ਕੋਈ ਗੱਲਬਾਤ ਨਾ ਸੁਣੀ, ਜਿਸ ਕਰਨ ਰਾਹੁਲ ਦਾ ਪਿਤਾ ਨੇ ਅਕਤੂਬਰ 2024 ਨੂੰ ਆਪਣੇ ਪਿੰਡ ਯੂ.ਪੀ. ਚਲਾ ਗਿਆ। ਜਿੱਥੇ ਉਹ ਜਿਆਦਾ ਬਿਮਾਰ ਰਹਿਣ ਲੱਗ ਪਿਆ ਸੀ ਮੁਲਜ਼ਮ ਰਾਹੁਲ ਕੁਮਾਰ ਨੇ ਪਿੰਡ ਜਾ ਕੇ ਆਪਣੇ ਪਿਤਾ ਦਾ ਹਾਲ-ਚਾਲ ਪੁਛਿਆ ਤਾਂ ਉਸ ਨੇ ਕਿਹਾ ਕਿ ਤਾਂਤਰਿਕ ਬ੍ਰਿਜੇਸ਼ ਸਾਹੂ ਨੇ ਉਸ ਨੂੰ ਕੁੱਝ ਕਰ ਦਿਤਾ ਹੈ। ਇਸ ਦੌਰਾਨ ਰਾਹੁਲ ਦੇ ਪਿਤਾ ਦੀ ਮਿਤੀ 06-11-2024 ਨੂੰ ਮੌਤ ਹੋ ਗਈ। ਰਾਹੁਲ ਨੇ ਇਸੇ ਰੰਜਿਸ਼ ਤਹਿਤ ਆਪਣੇ ਪਿਤਰੀ ਪਤੇ ਤੋਂ ਆ ਕੇ ਵਿਹੜੇ ਵਿੱਚ ਰਹਿੰਦੇ ਦੋਸਤ ਮੁਹੰਮਦ ਸਮੀਰ ਨਾਲ ਮਿਲ ਕੇ ਬ੍ਰਿਜੇਸ਼ ਸ਼ਾਹੂ ਦਾ ਕਤਲ ਕਰ ਦਿੱਤਾ।
ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ
ਏਡੀਸੀਪੀ ਲੁਧਿਆਣਾ ਪੁਲਿਸ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕੇ ਰਾਹੁਲ ਕੁਮਾਰ, ਮੁਹੰਮਦ ਸਮੀਰ ਤੇ ਮ੍ਰਿਤਕ ਬ੍ਰਿਜੇਸ਼ ਸਾਹੂ ਇਕੱਠਿਆ ਸ਼ਰਾਬ ਪੀਤੀ ਅਤੇ ਫਿਰ ਬਾਅਦ ਵਿਚ ਰਾਹੁਲ ਨੇ ਆਪਣੇ ਸਾਥੀ ਮੁਹੰਮਦ ਸਮੀਰ ਨਾਲ ਮਿਲ ਕੇ ਤੇਜਧਾਰ ਹਥਿਆਰ ਤੇ ਪਲਾਸਟਿਕ ਦੀ ਰੱਸੀ ਨਾਲ ਮ੍ਰਿਤਕ ਦਾ ਗਲ ਵੱਢ ਕੇ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਨੇੜੇ ਖਾਲੀ ਪਲਾਟ ਵਿਚ ਸੁੱਟ ਦਿਤਾ ਸੀ। ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕਰਦੇ ਹੋਏ ਅਗਲੇਰੀ ਕਾਰਵਾਈ ਕਰੇਗੀ।