ਨਵੀਂ ਦਿੱਲੀ: ਵਨਡੇ ਵਿਸ਼ਵ ਕੱਪ 2023 ਨੂੰ ਲਗਭਗ 7 ਮਹੀਨੇ ਹੋ ਗਏ ਹਨ। ਪਰ, ਭਾਰਤੀ ਕਪਤਾਨ ਰੋਹਿਤ ਸ਼ਰਮਾ 19 ਨਵੰਬਰ ਨੂੰ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਆਸਟਰੇਲੀਆ ਖ਼ਿਲਾਫ਼ ਮਿਲੀ ਹਾਰ ਨੂੰ ਭੁੱਲ ਨਹੀਂ ਸਕੇ ਹਨ। ਰੋਹਿਤ ਨੇ ਇਕ ਵਾਰ ਫਿਰ ਉਸ ਹਾਰ ਨੂੰ ਯਾਦ ਕਰਦਿਆਂ ਵੱਡੀ ਗੱਲ ਕਹੀ।
ਮੈਨੂੰ ਵਿਸ਼ਵਾਸ ਨਹੀਂ ਸੀ ਕਿ ਅਸੀ ਹਾਰ ਗਏ: ਰੋਹਿਤ ਨੇ ਇਕ ਇੰਟਰਵਿਊ 'ਚ ਕਿਹਾ, 'ਵਿਸ਼ਵ ਕੱਪ ਫਾਈਨਲ ਤੋਂ ਅਗਲੇ ਦਿਨ ਜਦੋਂ ਮੈਂ ਉੱਠਿਆ ਤਾਂ ਮੈਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਬੀਤੀ ਰਾਤ ਕੀ ਹੋਇਆ ਸੀ। ਮੈਂ ਆਪਣੀ ਪਤਨੀ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕਰ ਰਿਹਾ ਸੀ ਅਤੇ ਮੈਂ ਕਿਹਾ, 'ਬੀਤੀ ਰਾਤ ਜੋ ਵੀ ਹੋਇਆ, ਉਹ ਇੱਕ ਸੁਪਨਾ ਹੈ ਨਾ? ਮੈਨੂੰ ਲੱਗਦਾ ਹੈ ਕਿ ਫਾਈਨਲ ਕੱਲ੍ਹ ਹੈ। ਮੈਨੂੰ ਇਹ ਸਮਝਣ ਵਿੱਚ 2-3 ਦਿਨ ਲੱਗ ਗਏ ਕਿ ਅਸੀਂ ਹਾਰ ਗਏ ਹਾਂ। ਇੱਕ ਹੋਰ ਮੌਕਾ ਮਿਲਣ ਵਿੱਚ 4 ਸਾਲ ਹੋਰ ਲੱਗਣਗੇ।'
ਰੋਹਿਤ ਸ਼ਰਮਾ ਨੇ ਅੱਗੇ ਕਿਹਾ - 'ਈਮਾਨਦਾਰੀ ਨਾਲ ਕਹਾਂ ਤਾਂ ਮੈਂ ਵਿਸ਼ਵ ਕੱਪ ਨੂੰ ਬੁਰੀ ਤਰ੍ਹਾਂ ਨਾਲ ਚਾਹੁੰਦਾ ਸੀ। ਮੇਰਾ ਮਤਲਬ ਹੈ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਬਹੁਤ ਬੇਚੈਨੀ ਨਾਲ ਚਾਹੁੰਦੇ ਹੋ ਅਤੇ ਤੁਹਾਨੂੰ ਇਹ ਨਹੀਂ ਮਿਲਦਾ, ਤਾਂ ਤੁਸੀਂ ਨਿਰਾਸ਼ ਅਤੇ ਗੁੱਸੇ ਹੋ ਜਾਂਦੇ ਹੋ। ਇਸ ਤੋਂ ਪਹਿਲਾਂ ਵੀ ਰੋਹਿਤ ਕਈ ਵਾਰ ਆਸਟ੍ਰੇਲੀਆ ਖਿਲਾਫ ਹਾਰ ਦਾ ਜ਼ਿਕਰ ਕਰ ਚੁੱਕੇ ਹਨ।'
ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ 'ਚ ਆਇਰਲੈਂਡ ਖਿਲਾਫ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਇਸ ਦਾ ਅਗਲਾ ਮੈਚ 9 ਜੂਨ ਨੂੰ ਪਾਕਿਸਤਾਨ ਖਿਲਾਫ ਖੇਡਿਆ ਜਾਵੇਗਾ। ਰੋਹਿਤ ਦੀਆਂ ਨਜ਼ਰਾਂ ਇਸ ਵਿਸ਼ਵ ਕੱਪ ਨੂੰ ਜਿੱਤ ਕੇ ਟਰਾਫੀ ਜਿੱਤਣ ਦਾ ਸੁਪਨਾ ਪੂਰਾ ਕਰਨ 'ਤੇ ਹੋਣਗੀਆਂ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਰੋਹਿਤ ਦਾ ਇਹ ਆਖਰੀ ਵਿਸ਼ਵ ਕੱਪ ਹੈ, ਜਿਸ ਤੋਂ ਬਾਅਦ ਉਹ ਕਿਸੇ ਵੀ ਵਿਸ਼ਵ ਕੱਪ 'ਚ ਖੇਡਦੇ ਨਜ਼ਰ ਨਹੀਂ ਆਉਣਗੇ।