ਚੰਡੀਗੜ੍ਹ: ਰਾਜਸਥਾਨ ਰਾਇਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ-2024 (IPL) ਵਿੱਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 19ਵੇਂ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੂੰ 6 ਵਿਕਟਾਂ ਨਾਲ ਹਰਾਇਆ। ਰਾਜਸਥਾਨ ਦੀ ਇਸ ਸੀਜ਼ਨ 'ਚ ਇਹ ਲਗਾਤਾਰ ਚੌਥੀ ਜਿੱਤ ਹੈ, ਜਦਕਿ ਬੇਂਗਲੁਰੂ ਲਗਾਤਾਰ ਤੀਜਾ ਮੈਚ ਹਾਰ ਗਿਆ ਹੈ। ਬੈਂਗਲੁਰੂ ਦੀ ਇਹ ਚੌਥੀ ਹਾਰ ਹੈ।
ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਸ਼ਨੀਵਾਰ ਨੂੰ ਰਾਜਸਥਾਨ ਰਾਇਲਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਰਸੀਬੀ ਵੱਲੋਂ ਵਿਰਾਟ ਕੋਹਲੀ ਨੇ ਸੀਜ਼ਨ ਦਾ ਆਪਣਾ ਪਹਿਲਾ ਸੈਂਕੜਾ ਲਗਾਇਆ, ਉਸ ਨੇ 73 ਗੇਂਦਾਂ 'ਤੇ 113 ਦੌੜਾਂ ਬਣਾਈਆਂ। ਕਪਤਾਨ ਫਾਫ ਡੂ ਪਲੇਸਿਸ ਨੇ 33 ਗੇਂਦਾਂ 'ਤੇ 44 ਦੌੜਾਂ ਦਾ ਯੋਗਦਾਨ ਪਾਇਆ। ਯੁਜਵੇਂਦਰ ਚਾਹਲ ਨੇ 2 ਵਿਕਟਾਂ ਲਈਆਂ। ਬੈਂਗਲੁਰੂ ਨੇ 20 ਓਵਰਾਂ 'ਚ 3 ਵਿਕਟਾਂ 'ਤੇ 183 ਦੌੜਾਂ ਬਣਾਈਆਂ। ਰਾਜਸਥਾਨ ਨੇ 19.1 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਜੋਸ ਬਟਲਰ ਮੈਨ ਆਫ ਦਾ ਮੈਚ ਰਿਹਾ। ਉਸ ਨੇ 58 ਗੇਂਦਾਂ 'ਤੇ ਨਾਬਾਦ 100 ਦੌੜਾਂ ਬਣਾਈਆਂ। ਜੋਸ ਦੀ ਪਾਰੀ ਵਿੱਚ 9 ਚੌਕੇ ਅਤੇ 4 ਛੱਕੇ ਸ਼ਾਮਲ ਸਨ।
ਰਾਜਸਥਾਨ ਲਈ ਦੌੜਾਂ ਦਾ ਪਿੱਛਾ ਕਰਦੇ ਹੋਏ ਜੋਸ ਬਟਲਰ ਨੇ ਸੈਂਕੜਾ ਲਗਾਇਆ। ਉਸ ਨੇ ਪਾਰੀ ਦਾ ਆਖ਼ਰੀ ਓਵਰ ਸੁੱਟਣ ਆਏ ਕੈਮਰੂਨ ਗ੍ਰੀਨ ਦੀ ਪਹਿਲੀ ਗੇਂਦ 'ਤੇ ਛੱਕਾ ਜੜ ਕੇ ਟੀਮ ਨੂੰ ਜਿੱਤ ਦਿਵਾਈ ਅਤੇ 58 ਗੇਂਦਾਂ 'ਤੇ ਸੈਂਕੜਾ ਵੀ ਪੂਰਾ ਕੀਤਾ। ਕਪਤਾਨ ਸੰਜੂ ਸੈਮਸਨ ਨੇ 69 ਦੌੜਾਂ ਬਣਾਈਆਂ। ਰੀਸ ਟੋਪਲੇ ਨੇ 2 ਵਿਕਟਾਂ ਲਈਆਂ।
ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ): ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਸੌਰਵ ਚੌਹਾਨ, ਰੀਸ ਟੋਪਲੇ, ਮਯੰਕ ਡਾਗਰ, ਯਸ਼ ਦਿਆਲ ਅਤੇ ਮੁਹੰਮਦ ਸਿਰਾਜ।
ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਵਿਕਟਕੀਪਰ ਅਤੇ ਕਪਤਾਨ), ਯਸ਼ਸਵੀ ਜੈਸਵਾਲ, ਜੋਸ ਬਟਲਰ, ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਟ੍ਰੇਂਟ ਬੋਲਟ, ਨੰਦਰੇ ਬਰਗਰ ਅਤੇ ਅਵੇਸ਼ ਖਾਨ।