ਨਵੀਂ ਦਿੱਲੀ: ਆਈਪੀਐਲ 2024 ਦੇ 18 ਮੈਚਾਂ ਵਿੱਚ ਬਹੁਤ ਸਾਰੇ ਰਿਕਾਰਡ ਬਣੇ ਪਰ ਸੈਂਕੜਾ ਅਜੇ ਤੱਕ ਨਹੀਂ ਬਣਿਆ ਸੀ। ਵਿਰਾਟ ਕੋਹਲੀ ਨੇ ਐਤਵਾਰ ਨੂੰ ਇਸ ਇੰਤਜ਼ਾਰ ਨੂੰ ਖਤਮ ਕਰ ਦਿੱਤਾ। ਉਨ੍ਹਾਂ ਨੇ ਆਈਪੀਐਲ ਦੇ 19ਵੇਂ ਮੈਚ ਵਿੱਚ ਸੀਜ਼ਨ ਦਾ ਪਹਿਲਾ ਸੈਂਕੜਾ ਲਗਾਇਆ। ਹਾਲਾਂਕਿ ਉਨ੍ਹਾਂ ਦੇ ਸੈਂਕੜੇ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਹ ਇਸ ਸੈਸ਼ਨ ਦੀ ਚੌਥੀ ਹਾਰ ਹੈ। ਆਰਸੀਬੀ ਹੁਣ ਤੱਕ ਸਿਰਫ਼ ਇੱਕ ਮੈਚ ਜਿੱਤ ਸਕੀ ਹੈ। ਇਸ ਸੈਂਕੜੇ ਤੋਂ ਬਾਅਦ ਵੀ ਕੋਹਲੀ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ।
ਕੋਹਲੀ ਦੇ ਨਾਂ ਹੋਇਆ ਸੰਯੁਕਤ ਹੌਲੀ ਸੈਂਕੜਾ: ਵਿਰਾਟ ਕੋਹਲੀ ਨੇ ਇਸ ਮੈਚ ਵਿੱਚ ਸੈਂਕੜਾ ਲਗਾਇਆ। ਉਨ੍ਹਾਂ ਨੇ 67 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣਾ ਸੈਂਕੜਾ ਪੂਰਾ ਕੀਤਾ। ਇਹ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਹੌਲੀ ਸੰਯੁਕਤ ਸੈਂਕੜਾ ਬਣ ਗਿਆ ਹੈ। ਇਸ ਤੋਂ ਪਹਿਲਾਂ ਮਨੀਸ਼ ਪਾਂਡੇ ਨੇ ਵੀ 67 ਗੇਂਦਾਂ 'ਤੇ 100 ਦੌੜਾਂ ਦੀ ਪਾਰੀ ਖੇਡੀ ਸੀ। ਕੋਹਲੀ ਨੇ ਆਪਣਾ ਸੈਂਕੜਾ ਪੂਰਾ ਕਰਨ ਲਈ 6 ਚੌਕੇ ਅਤੇ 4 ਛੱਕੇ ਲਗਾਏ। ਇਸ ਮੈਚ ਵਿੱਚ ਉਹ 72 ਗੇਂਦਾਂ ਵਿੱਚ 1134 ਦੌੜਾਂ ਬਣਾ ਕੇ ਅਜੇਤੂ ਰਹੇ।
ਇਸ ਤੋਂ ਬਾਅਦ ਵੀ ਵਿਰਾਟ ਕੋਹਲੀ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਵਿਰਾਟ ਕੋਹਲੀ ਵਰਗਾ ਬੱਲੇਬਾਜ਼ ਆਈਪੀਐਲ ਵਰਗੇ ਫਾਰਮੈਟ ਵਿੱਚ ਇੰਨੀ ਹੌਲੀ ਪਾਰੀ ਕਿਵੇਂ ਖੇਡ ਸਕਦਾ ਹੈ। ਕੋਹਲੀ ਓਪਨਿੰਗ ਤੋਂ ਲੈ ਕੇ ਆਖਰੀ ਗੇਂਦ ਤੱਕ ਖੇਡਦਾ ਹੈ ਤਾਂ ਜਦ ਵੀ ਉਹ 72 ਗੇਂਦਾਂ 'ਚ ਸਿਰਫ 113 ਦੌੜਾਂ ਹੀ ਬਣਾ ਸਕਿਆ ਹੈ। ਹਾਲਾਂਕਿ ਟਾਮ ਮੂਡੀ ਨੇ ਉਨ੍ਹਾਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਕੋਹਲੀ ਦੀ ਸਟ੍ਰਾਈਕ ਰੇਟ 'ਤੇ ਸਵਾਲ ਨਹੀਂ ਉਠਾਏ ਜਾਣੇ ਚਾਹੀਦੇ। ਉਨ੍ਹਾਂ ਨੂੰ ਦੂਜੇ ਸਿਰੇ ਤੋਂ ਸਮਰਥਨ ਦੀ ਲੋੜ ਹੈ।
ਰੈਨਾ ਨੂੰ ਪਿੱਛੇ ਛੱਡ ਕੇ ਕੋਹਲੀ ਨੇ ਬਣਾਇਆ ਸਭ ਤੋਂ ਜ਼ਿਆਦਾ ਕੈਚਾਂ ਦਾ ਰਿਕਾਰਡ : ਇਸ ਮੈਚ 'ਚ ਵਿਰਾਟ ਨੇ ਜਿਵੇਂ ਹੀ ਰਿਆਨ ਪਰਾਗ ਦਾ ਕੈਚ ਕੀਤਾ ਤਾਂ ਉਨ੍ਹਾਂ ਨੇ ਰੈਨਾ ਨੂੰ ਪਿੱਛੇ ਛੱਡ ਦਿੱਤਾ। ਵਿਕਟਕੀਪਰ ਤੋਂ ਇਲਾਵਾ ਕੋਹਲੀ ਆਈਪੀਐਲ ਵਿੱਚ ਸਭ ਤੋਂ ਵੱਧ ਕੈਚ ਲੈਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਆਈਪੀਐਲ ਵਿੱਚ ਹੁਣ ਤੱਕ 110 ਕੈਚ ਫੜੇ ਹਨ ਜਦਕਿ ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਖਿਡਾਰੀ ਸੁਰੇਸ਼ ਰੈਨਾ ਦੇ ਨਾਮ 109 ਕੈਚ ਹਨ। ਫਿਲਹਾਲ ਉਹ ਕ੍ਰਿਕਟ ਛੱਡ ਕੇ ਆਈਪੀਐੱਲ 'ਚ ਕੁਮੈਂਟਰੀ ਕਰ ਰਹੇ ਹਨ।