ਨਵੀਂ ਦਿੱਲੀ: ਭਾਰਤ ਅਤੇ ਇੰਗਲੈਂਡ ਵਿਚਾਲੇ ਚੌਥਾ ਟੈਸਟ ਮੈਚ 23 ਫਰਵਰੀ ਤੋਂ ਰਾਂਚੀ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਸ ਮੈਚ ਲਈ ਪੂਰੀ ਤਰ੍ਹਾਂ ਤਿਆਰ ਹਨ। ਭਾਰਤ ਜਿੱਥੇ ਇਹ ਮੈਚ ਜਿੱਤ ਕੇ ਸੀਰੀਜ਼ ਜਿੱਤਣਾ ਚਾਹੇਗਾ, ਉਥੇ ਹੀ ਇੰਗਲੈਂਡ ਦੀ ਟੀਮ ਸੀਰੀਜ਼ 'ਚ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਇਸ ਮੈਚ ਵਿੱਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਇੱਕ ਵੱਡੀ ਉਪਲਬਧੀ ਆਪਣੇ ਨਾਮ ਕਰ ਸਕਦੇ ਹਨ।
ਟੀਚੇ ਤੋਂ ਥੋੜੀ ਦੂਰ ਰੋਹਿਤ : ਦੱਸ ਦੇਈਏ ਕਿ ਜੇਕਰ ਰੋਹਿਤ ਸ਼ਰਮਾ ਇਸ ਮੈਚ 'ਚ 22 ਦੌੜਾਂ ਬਣਾ ਲੈਂਦੇ ਹਨ, ਤਾਂ ਉਹ ਆਪਣੇ ਟੈਸਟ ਕਰੀਅਰ 'ਚ 4000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣ ਜਾਣਗੇ। ਰੋਹਿਤ ਸ਼ਰਮਾ ਇਸ ਉਪਲਬਧੀ ਤੋਂ ਸਿਰਫ਼ 22 ਦੌੜਾਂ ਦੂਰ ਹਨ। ਉਨ੍ਹਾਂ ਦੇ ਨਾਂ 57 ਮੈਚਾਂ ਦੀਆਂ 98 ਪਾਰੀਆਂ 'ਚ 3978 ਦੌੜਾਂ ਹਨ। ਜਿਸ ਵਿੱਚ 11 ਸੈਂਕੜੇ ਅਤੇ 16 ਅਰਧ ਸੈਂਕੜੇ ਸ਼ਾਮਲ ਹਨ। ਰੋਹਿਤ ਸ਼ਰਮਾ ਨੇ ਹੁਣ ਤੱਕ ਟੈਸਟ ਮੈਚਾਂ ਵਿੱਚ 45.2 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।
ਇਸ ਤੋਂ ਪਹਿਲਾਂ ਸਹਿਵਾਗ ਦੇ ਨਾਂਅ ਰਿਕਾਰਡ ਦਰਜ: ਟੈਸਟ ਕ੍ਰਿਕਟ ਵਿੱਚ ਕਿਸੇ ਭਾਰਤੀ ਕ੍ਰਿਕਟਰ ਵੱਲੋਂ ਸਭ ਤੋਂ ਤੇਜ਼ 4000 ਦੌੜਾਂ ਬਣਾਉਣ ਦਾ ਰਿਕਾਰਡ ਵਰਿੰਦਰ ਸਹਿਵਾਗ ਦੇ ਨਾਂ ਹੈ। ਉਸ ਨੇ ਇਹ ਉਪਲਬਧੀ ਵੈਸਟਇੰਡੀਜ਼ ਖ਼ਿਲਾਫ਼ 79 ਪਾਰੀਆਂ ਵਿੱਚ ਹਾਸਲ ਕੀਤੀ। ਸਭ ਤੋਂ ਤੇਜ਼ 4000 ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਡੌਨ ਬ੍ਰੈਡਮੈਨ ਦੇ ਨਾਂ ਹੈ।ਉਨ੍ਹਾਂ ਨੇ ਸਿਰਫ 48 ਪਾਰੀਆਂ ਵਿੱਚ ਇਹ ਉਪਲਬਧੀ ਹਾਸਲ ਕੀਤੀ।
ਪਹਿਲਾਂ ਨਹੀਂ ਚੱਲਿਆ ਸੀ ਰੋਹਿਤ ਦੇ ਬੱਲੇ ਦਾ ਜਾਦੂ: ਜੇਕਰ ਇੰਗਲੈਂਡ ਸੀਰੀਜ਼ ਦੇ ਪਹਿਲੇ ਮੈਚ ਦੀ ਗੱਲ ਕਰੀਏ, ਤਾਂ ਉਸ ਦੇ ਬੱਲੇ ਤੋਂ ਕੋਈ ਵੱਡੀ ਪਾਰੀ ਨਹੀਂ ਨਿਕਲੀ। ਮੈਚ ਦੀ ਪਹਿਲੀ ਪਾਰੀ 'ਚ ਉਹ 24 ਦੌੜਾਂ ਬਣਾ ਕੇ ਆਊਟ ਹੋ ਗਿਆ ਸੀ, ਜਦਕਿ ਦੂਜੀ ਪਾਰੀ 'ਚ ਉਸ ਨੇ 39 ਦੌੜਾਂ ਬਣਾਈਆਂ ਸਨ। ਇਸ ਤੋਂ ਪਹਿਲਾਂ, ਜਦੋਂ ਭਾਰਤੀ ਟੀਮ ਦੱਖਣੀ ਅਫਰੀਕਾ 'ਚ ਟੈਸਟ ਖੇਡ ਰਹੀ ਸੀ ਤਾਂ ਉਸ ਸਮੇਂ ਵੀ ਉਸ ਨੇ ਆਪਣੇ ਬੱਲੇ ਤੋਂ ਦੌੜਾਂ ਨਹੀਂ ਬਣਾਈਆਂ ਸਨ। ਪਹਿਲੇ ਟੈਸਟ 'ਚ ਰੋਹਿਤ ਨੇ 5 ਅਤੇ ਜ਼ੀਰੋ ਦੌੜਾਂ ਬਣਾਈਆਂ, ਜਦਕਿ ਦੂਜੇ ਟੈਸਟ 'ਚ ਰੋਹਿਤ ਨੇ 39 ਅਤੇ ਨਾਬਾਦ 16 ਦੌੜਾਂ ਬਣਾਈਆਂ।
ਫਿਲਹਾਲ ਭਾਰਤੀ ਟੀਮ ਇੰਗਲੈਂਡ ਖਿਲਾਫ ਟੈਸਟ ਸੀਰੀਜ਼ 'ਚ 2-1 ਨਾਲ ਅੱਗੇ ਹੈ। ਭਾਰਤੀ ਕਪਤਾਨ ਨੇ ਪਿਛਲੇ ਮੈਚ 'ਚ ਸੈਂਕੜਾ ਲਗਾਇਆ ਸੀ। ਇਸ ਦੇ ਨਾਲ ਹੀ ਯਸ਼ਸਵੀ ਜੈਸਵਾਲ ਨੇ ਵੀ ਲਗਾਤਾਰ ਦੋ ਮੈਚਾਂ ਵਿੱਚ ਦੋਹਰੇ ਸੈਂਕੜੇ ਲਗਾਏ ਹਨ।