ਪੈਰਿਸ (ਫਰਾਂਸ) : ਪੈਰਿਸ ਖੇਡਾਂ ਦੇ ਸਮਾਪਤੀ ਸਮਾਰੋਹ ਵਿਚ ਸੋਨ ਤਗਮਾ ਜੇਤੂ ਤੀਰਅੰਦਾਜ਼ ਹਰਵਿੰਦਰ ਸਿੰਘ ਅਤੇ ਪੈਰਾਲੰਪਿਕ ਵਿਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਦੌੜਾਕ ਪ੍ਰੀਤੀ ਪਾਲ ਭਾਰਤ ਦੇ ਝੰਡਾਬਰਦਾਰ ਹੋਣਗੇ।
ਝੰਡਾਬਰਦਾਰ ਹੋਣਾ ਸਭ ਤੋਂ ਵੱਡਾ ਸਨਮਾਨ: 33 ਸਾਲਾ ਹਰਵਿੰਦਰ ਪੈਰਾਲੰਪਿਕ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਤੀਰਅੰਦਾਜ਼ ਹੈ। ਉਸਨੇ 2021 ਵਿੱਚ ਟੋਕੀਓ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਸ ਨੇ ਕਿਹਾ, 'ਭਾਰਤ ਲਈ ਸੋਨ ਤਮਗਾ ਜਿੱਤਣਾ ਇਕ ਸੁਪਨਾ ਸਾਕਾਰ ਹੋਣਾ ਹੈ। ਹੁਣ ਸਮਾਪਤੀ ਸਮਾਰੋਹ ਵਿੱਚ ਭਾਰਤ ਦਾ ਝੰਡਾਬਰਦਾਰ ਹੋਣਾ ਸਭ ਤੋਂ ਵੱਡਾ ਸਨਮਾਨ ਹੈ। ਇਹ ਜਿੱਤ ਉਨ੍ਹਾਂ ਸਾਰਿਆਂ ਦੀ ਹੈ ਜਿਨ੍ਹਾਂ ਨੂੰ ਮੇਰੇ 'ਤੇ ਵਿਸ਼ਵਾਸ ਸੀ। ਉਮੀਦ ਹੈ ਕਿ ਮੈਂ ਕਈਆਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰ ਸਕਾਂਗਾ।
ਦੇਸ਼ ਦਾ ਮਾਣ ਵਧਾਇਆ: ਇਸ ਦੇ ਨਾਲ ਹੀ ਮਹਿਲਾ ਟੀ35 100 ਅਤੇ 200 ਮੀਟਰ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ 23 ਸਾਲਾ ਪ੍ਰੀਤੀ ਨੇ ਕਿਹਾ, ‘ਭਾਰਤ ਦਾ ਝੰਡਾਬਰਦਾਰ ਬਣਨਾ ਮਾਣ ਵਾਲੀ ਗੱਲ ਹੈ। ਇਹ ਸਿਰਫ਼ ਮੇਰੇ ਲਈ ਨਹੀਂ ਬਲਕਿ ਹਰ ਉਸ ਪੈਰਾ ਐਥਲੀਟ ਲਈ ਹੈ ਜਿਸ ਨੇ ਔਕੜਾਂ ਨੂੰ ਪਾਰ ਕੀਤਾ ਅਤੇ ਦੇਸ਼ ਦਾ ਮਾਣ ਵਧਾਇਆ।ਇਸ ਬਾਰੇ ਭਾਰਤੀ ਟੀਮ ਦੇ ਮੁਹਿੰਮ ਮੁਖੀ ਸੱਤਿਆ ਪ੍ਰਕਾਸ਼ ਸਾਂਗਵਾਨ ਨੇ ਕਿਹਾ ਕਿ ਇਨ੍ਹਾਂ ਦੋਵਾਂ ਖਿਡਾਰੀਆਂ ਦਾ ਪ੍ਰਦਰਸ਼ਨ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਹੁਣ ਤੱਕ 6 ਸੋਨ, 9 ਚਾਂਦੀ ਅਤੇ 11 ਕਾਂਸੀ ਸਮੇਤ ਕੁੱਲ 26 ਤਗਮੇ ਜਿੱਤੇ ਹਨ, ਜੋ ਪੈਰਾਲੰਪਿਕ ਵਿੱਚ ਉਸਦਾ ਸਰਵੋਤਮ ਪ੍ਰਦਰਸ਼ਨ ਹੈ।