ਚੰਡੀਗੜ੍ਹ: ਸਿਆਸਤ ਵਿੱਚ ਲਗਾਤਾਰ ਵਿਰੋਧੀਆਂ ਲਈ ਤਿੱਖੇ ਸ਼ਬਦ ਇਸਤੇਮਾਲ ਕਰਨ ਵਾਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਮੁੜ ਆਪਣੇ ਮੁੱਢ ਯਾਨੀ ਕਿ ਕ੍ਰਿਕਟ ਨਾਲ ਜੁੜਨ ਜਾ ਰਹੇ ਹਨ। ਨਵਜੋਤ ਸਿੱਧੂ ਕ੍ਰਿਕਟ ਦੇ ਖੇਤਰ ਵਿੱਚ 6 ਸਾਲਾਂ ਬਾਅਦ ਵਾਪਸੀ ਕਰਦੇ ਵਿਖਾਈ ਦੇਣਗੇ। ਦਰਅਸਲ ਸਿੱਧੂ ਹੁਣ ਆਈਪੀਐੱਲ 2024 ਦੇ ਸ਼ੁਰੂਆਤੀ ਮੈਚ ਵਿੱਚ ਕਮੈਂਟਰੀ ਕਰਦੇ ਨਜ਼ਰ ਆਉਂਣਗੇ। ਇਸ ਸਬੰਧੀ ਨਵਜੋਤ ਸਿੱਧੂ ਨੇ ਐਕਸ ਉੱਤੇ ਜਾਣਕਾਰੀ ਸਾਂਝੀ ਕਰਦਿਆਂ ਪੋਸਟ ਵੀ ਕੀਤੀ ਹੈ। ਇਹ ਪੋਸਟ ਸਟਾਰ ਸਪੋਰਟਸ ਵੱਲੋਂ ਵੀ ਸਾਂਝੀ ਕੀਤੀ ਗਈ ਹੈ।
ਸਿਆਸੀ ਸਫਰ ਲਈ ਬਣਾਈ ਕ੍ਰਿਕਟ ਤੋਂ ਦੂਰੀ: ਦੱਸ ਦਈਏ ਨਵਜੋਤ ਸਿੱਧੂ ਭਾਰਤੀ ਸਟਾਰ ਕ੍ਰਿਕਟਰਾਂ ਵਿੱਚ ਜਾਣਿਆਂ-ਪਹਿਚਾਣਿਆਂ ਚਿਹਰਾ ਹਨ ਅਤੇ ਉਨ੍ਹਾਂ ਨੇ ਕ੍ਰਿਕਟ ਵਿੱਚ ਕਈ ਇਤਿਹਾਸਿਕ ਪਾਰੀਆਂ ਆਪਣੇ ਬੱਲੇ ਨਾਲ ਖੇਡੀਆਂ ਹਨ। ਕ੍ਰਿਕਟ ਤੋਂ ਸੰਨਿਆਸ ਲੈਣ ਮਗਰੋਂ ਨਵਜੋਤ ਸਿੱਧੂ ਨੇ ਲੰਮਾਂ ਸਮਾਂ ਕ੍ਰਿਕਟ ਲਈ ਕਮੈਂਟਰੀ ਦੀ ਸੇਵਾ ਨਿਭਾਈ ਅਤੇ ਬਾਅਦ ਵਿੱਚ ਉਨ੍ਹਾਂ ਨੇ ਸਿਆਸਤ ਨਾਲ ਜੁੜਨ ਦੇ ਚੱਲਦੇ ਕ੍ਰਿਕਟ ਤੋਂ ਦੂਰੀ ਬਣਾ ਲਈ।
ਆਖਰੀ ਵਾਰ ਆਈਪੀਐਲ 2018 ਵਿੱਚ ਕੁਮੈਂਟਰੀ: ਟੈਸਟ ਵਿੱਚ 3,202 ਅਤੇ ਵਨਡੇ ਵਿੱਚ 4,413 ਦੌੜਾਂ ਬਣਾਈਆਂ। ਲਗਭਗ 17 ਸਾਲ ਕ੍ਰਿਕਟ ਜਗਤ 'ਚ ਰਹਿਣ ਤੋਂ ਬਾਅਦ ਉਨ੍ਹਾਂ ਨੇ 1999 'ਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਕ੍ਰਿਕਟ ਦਾ ਸਫਰ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਕੁਮੈਂਟਰੀ 'ਚ ਵੀ ਹੱਥ ਅਜ਼ਮਾਇਆ। ਸਿੱਧੂ ਨੇ ਆਖਰੀ ਵਾਰ ਆਈਪੀਐਲ 2018 ਵਿੱਚ ਕੁਮੈਂਟਰੀ ਕੀਤੀ ਸੀ। ਪੰਜਾਬ ਸਰਕਾਰ ਵਿੱਚ ਮੰਤਰੀ ਬਣਨ ਤੋਂ ਬਾਅਦ ਉਹ ਕਮੈਂਟਰੀ ਪੈਨਲ ਤੋਂ ਬਾਹਰ ਹੋ ਗਏ ਸਨ। ਇਸ ਤੋਂ ਬਾਅਦ ਉਸ ਨੇ ਆਪਣੇ ਸਾਰੇ ਟੀਵੀ ਸ਼ੋਅ ਵੀ ਛੱਡ ਦਿੱਤੇ।
22 ਮਾਰਚ ਤੋਂ ਆਈਪੀਐੱਲ ਦਾ ਅਗਾਜ਼: IPL ਦਾ 17ਵਾਂ ਸੀਜ਼ਨ 22 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲਾ ਮੈਚ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਚਾਲੇ ਚੇਨਈ 'ਚ ਖੇਡਿਆ ਜਾਵੇਗਾ। ਲੋਕ ਸਭਾ ਚੋਣਾਂ ਕਾਰਨ ਟੂਰਨਾਮੈਂਟ ਦੇ ਸਿਰਫ਼ ਪਹਿਲੇ 21 ਮੈਚਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ।