ਫਰੀਦਕੋਟ: ਹਾਲ ਹੀ ਵਿੱਚ ਆਈਪੀਐਲ 2025 ਲਈ ਆਯੋਜਿਤ ਮੈਗਾ ਨਿਲਾਮੀ ਵਿੱਚ ਮੁੰਬਈ ਇੰਡੀਅਨਜ਼ ਨੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੂੰ ਖਰੀਦਣ ਲਈ ਸਭ ਤੋਂ ਵੱਧ ਪੈਸਾ ਖਰਚ ਕੀਤਾ। ਇਸ ਦੇ ਨਾਲ ਹੀ ਨਮਨ ਧੀਰ ਵਰਗੇ ਨੌਜਵਾਨ ਬੱਲੇਬਾਜ਼ ਵੀ ਚੰਗੀ ਕਮਾਈ ਕਰਨ ਵਿੱਚ ਕਾਮਯਾਬ ਰਹੇ। ਉਹ ਆਈਪੀਐਲ ਦੇ ਪਿਛਲੇ ਸੀਜ਼ਨ ਵਿੱਚ ਵੀ ਮੁੰਬਈ ਲਈ ਖੇਡਦੇ ਹੋਏ ਨਜ਼ਰ ਆਏ ਸਨ।
ਮੁੰਬਈ ਇੰਡੀਅਨਜ਼ ਨੇ ਕਿੰਨੇ ਪੈਸਿਆਂ ਵਿੱਚ ਖਰੀਦਿਆਂ ਨਮਨ ਧੀਰ
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਆਈਪੀਐਲ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਸਭ ਦੇ ਦਿਲਾਂ ਉਤੇ ਛਾਅ ਜਾਣ ਵਾਲੇ 24 ਸਾਲਾਂ ਕ੍ਰਿਕਟਰ ਨਮਨ ਧੀਰ ਨੂੰ ਇਸ ਵਾਰ ਆਈਪੀਐਲ ਲਈ ਖਿਡਾਰੀਆਂ ਦੀ ਬੋਲੀ ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ ਨੇ 5.25 ਕਰੋੜ ਰੁਪਏ ਵਿੱਚ ਖਰੀਦਿਆ ਹੈ। ਨਮਨ ਧੀਰ ਇਸ ਪੱਧਰ 'ਤੇ ਪਹੁੰਚਣ ਵਾਲੇ ਫਰੀਦਕੋਟ ਖੇਤਰ ਦੇ ਪਹਿਲੇ ਖਿਡਾਰੀ ਬਣ ਗਏ ਹਨ, ਜਿੱਥੇ ਉਸ ਦੀ ਇਸ ਪ੍ਰਾਪਤੀ 'ਤੇ ਉਸ ਦੇ ਘਰ ਉਸ ਦੇ ਰਿਸ਼ਤੇਦਾਰਾਂ ਵੱਲੋਂ ਵਧਾਈ ਦੇਣ ਵਾਲਿਆਂ ਦਾ ਭਾਰੀ ਇਕੱਠ ਹੈ, ਉੱਥੇ ਹੀ ਦੂਜੇ ਪਾਸੇ ਡੀਸੀ ਵਿਨੀਤ ਕੁਮਾਰ ਨੇ ਵੀ ਉਸ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਨਮਨ ਧੀਰ ਪਿਛਲੇ ਸਾਲ ਵੀ ਮੁੰਬਈ ਇੰਡੀਅਨਜ਼ ਲਈ ਖੇਡ ਚੁੱਕੇ ਹਨ। ਪਿਛਲੇ ਸਾਲ ਉਸ ਨੂੰ ਮੁੰਬਈ ਇੰਡੀਅਨਜ਼ ਨੇ 20 ਲੱਖ ਰੁਪਏ ਵਿੱਚ ਟੀਮ ਵਿੱਚ ਲਿਆ ਸੀ। ਪਰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਇਸ ਵਾਰ ਉਸ ਦੀ ਮੰਗ ਵੱਧ ਗਈ ਅਤੇ ਉਸ ਨੂੰ ਮੁੰਬਈ ਇੰਡੀਅਨਜ਼ ਨੇ 5.25 ਕਰੋੜ ਰੁਪਏ 'ਚ ਖਰੀਦ ਲਿਆ।
ਨਮਨ ਦੀ ਪ੍ਰਾਪਤੀ ਉਤੇ ਕੀ ਬੋਲੇ ਕ੍ਰਿਕਟਰ ਦੇ ਪਿਤਾ
ਨਮਨ ਦੀ ਇਸ ਪ੍ਰਾਪਤੀ 'ਤੇ ਉਸ ਦੇ ਪਿਤਾ ਨਰੇਸ਼ ਧੀਰ ਅਤੇ ਮਾਤਾ ਨਿਰੂਪਮਾ ਨੂੰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਇਸ ਦੌਰਾਨ ਕ੍ਰਿਕਟਰ ਦੇ ਪਿਤਾ ਨਰੇਸ਼ ਕੁਮਾਰ ਨੇ ਕਿਹਾ ਕਿ ਨਮਨ ਅਤੇ ਉਸ ਦੇ ਕੋਚ ਵੱਲੋਂ ਕੀਤੀ ਸਖ਼ਤ ਮਿਹਨਤ ਸਦਕਾ ਅੱਜ ਉਹ ਇਸ ਮੁਕਾਮ ’ਤੇ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਨਾਲ-ਨਾਲ ਸਮੁੱਚੇ ਖੇਤਰ ਲਈ ਵੀ ਵੱਡੀ ਪ੍ਰਾਪਤੀ ਹੈ।
ਡੀਸੀ ਵਿਨੀਤ ਕੁਮਾਰ ਨੇ ਵੀ ਦਿੱਤੀ ਵਧਾਈ
ਦੂਜੇ ਪਾਸੇ ਡੀਸੀ ਵਿਨੀਤ ਕੁਮਾਰ ਨੇ ਵੀ ਨਮਨ ਧੀਰ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਉਨ੍ਹਾਂ ਨਮਨ ਦੇ ਮਾਤਾ-ਪਿਤਾ, ਕੋਚ ਅਤੇ ਸ਼ਹਿਰ ਵਾਸੀਆਂ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਇਹ ਵੱਡੀ ਪ੍ਰਾਪਤੀ ਹੈ। ਉਨ੍ਹਾਂ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਐਸੋਸੀਏਸ਼ਨ ਵਧੀਆ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਾਰਥਨਾ ਕਰਦੇ ਹਨ ਕਿ ਨਮਨ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਏ।
ਉਲੇਖਯੋਗ ਹੈ ਕਿ ਨਮਨ ਧੀਰ ਨੇ 11 ਸਾਲ ਦੀ ਉਮਰ 'ਚ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਪਹਿਲਾਂ ਸਥਾਨਕ ਪੱਧਰ 'ਤੇ ਅਤੇ ਫਿਰ ਜ਼ਿਲ੍ਹਾਂ ਅਤੇ ਰਾਜ ਪੱਧਰ 'ਤੇ ਖੇਡਣਾ ਸ਼ੁਰੂ ਕੀਤਾ ਅਤੇ ਸਥਾਨਕ ਬ੍ਰਿਜੇਂਦਰ ਕਾਲਜ 'ਚ ਪੜ੍ਹਦਿਆਂ ਹੀ ਰਾਜ ਪੱਧਰ 'ਤੇ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ। ਆਪਣੇ ਪੂਰੇ ਕਰੀਅਰ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਨਮਨ ਨੂੰ ਦਸੰਬਰ 2022 ਵਿੱਚ ਰਣਜੀ ਟਰਾਫੀ ਲਈ ਚੁਣਿਆ ਗਿਆ ਸੀ। ਨਮਨ ਧੀਰ ਰਣਜੀ ਟਰਾਫੀ ਲਈ ਚੁਣੇ ਜਾਣ ਵਾਲੇ ਜ਼ਿਲ੍ਹੇ ਦੇ ਪਹਿਲੇ ਖਿਡਾਰੀ ਵੀ ਸਨ।
ਇਹ ਵੀ ਪੜ੍ਹੋ: