ਮਾਨਸਾ : ਹਲਕਾ ਸਰਦੂਲਗੜ੍ਹ ਦੇ ਪੇਰੋਂ ਪਿੰਡ ਦੇ ਸਰਪੰਚ ਉਮੀਦਵਾਰ ਦੇ ਕਾਗਜ਼ ਰੱਦ ਹੋਣ 'ਤੇ ਹਲਕਾ ਵਿਧਾਇਕ ਦੇ ਘਰ ਦਾ ਘਿਰਾਓ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਧੱਕੇਸ਼ਾਹੀ ਕਰਨ ਦਾ ਇਲਜ਼ਾਮ ਵੀ ਲਾਇਆ ਗਿਆ ਹੈ। ਉੱਧਰ ਹਲਕਾ ਵਿਧਾਇਕ ਦਾ ਕਹਿਣਾ ਹੈ ਕਿ ਇਹ ਦੋਨੋਂ ਧਿਰਾਂ ਵੱਲੋਂ ਪੰਚਾਇਤੀ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਅਰਜੀਆਂ ਦਿੱਤੀਆਂ ਗਈਆਂ ਸੀ ਜਿਸ ਦੇ ਵਿੱਚ ਇੱਕ ਧਿਰ ਦੇ ਕਾਗਜ਼ ਰੱਦ ਹੋ ਗਏ ਹਨ, ਪਰ ਇਸ ਵਿੱਚ ਨਾ ਸਰਕਾਰ ਦਾ ਤੇ ਨਾ ਹੀ ਹਲਕਾ ਵਿਧਾਇਕ ਦਾ ਕੋਈ ਵੀ ਰੋਲ ਹੈ।
ਸਰਪੰਚ ਉਮੀਦਵਾਰ ਲਈ ਕਾਗਜ਼ ਭਰੇ ਕੀਤੇ ਰੱਦ
ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਭਰਨ ਤੋਂ ਬਾਅਦ ਜਦੋਂ ਪੜਤਾਲ ਕੀਤੀ ਗਈ ਤਾਂ ਕਾਗਜ਼ ਸਹੀ ਪਾਏ ਗਏ ਹਨ। ਉੱਥੇ ਹੀ ਹਲਕਾ ਸਰਦੂਲਗੜ੍ਹ ਦੇ ਪਿੰਡ ਪੇਰੋਂ ਦੇ ਸਰਪੰਚ ਉਮੀਦਵਾਰ ਲਵਪ੍ਰੀਤ ਸਿੰਘ ਦੇ ਕਾਗਜ਼ ਰੱਦ ਹੋਣ 'ਤੇ ਉਨ੍ਹਾਂ ਅੱਜ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਘਰ ਦੇ ਬਾਹਰ ਧਰਨਾ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਕਾਗਜ਼ ਰੱਦ ਹੋਣ 'ਤੇ ਲਵਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਰਪੰਚ ਉਮੀਦਵਾਰ ਦੇ ਲਈ ਕਾਗਜ਼ ਭਰੇ ਗਏ ਸਨ ਅਤੇ ਉਹ ਬੀਏ ਪਾਸ ਯੋਗਤਾ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਏ ਪਾਸ ਪੜੇ ਲਿਖੇ ਨੌਜਵਾਨਾਂ ਨੂੰ ਸਰਪੰਚ ਬਣਨ ਲਈ ਅਪੀਲ ਕੀਤੀ ਗਈ ਸੀ।
ਇਲੈਕਸ਼ਨ ਕਮਿਸ਼ਨ ਨੂੰ ਅਪੀਲ
ਲਵਪ੍ਰੀਤ ਸਿੰਘ ਨੇ ਕਿਹਾ ਕਿ ਕਾਗਜ਼ ਰੱਦ ਹੋਣ 'ਤੇ ਉਨ੍ਹਾਂ ਵੱਲੋਂ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵੱਲੋਂ ਪਟਵਾਰੀ ਦੇ ਦਫਤਰ ਜਾ ਕੇ ਵੀ ਮਿਣਤੀ ਕਰਵਾਉਣ ਦੀ ਅਪੀਲ ਕੀਤੀ ਗਈ, ਪਰ ਉਹ ਵੀ ਮਿਣਤੀ ਨਹੀਂ ਕੀਤੀ ਗਈ। ਇਸ ਕਾਰਨ ਉਨ੍ਹਾਂ ਦੇ ਬਿਨਾਂ ਵਜ੍ਹਾ ਕਾਗਜ਼ ਰੱਦ ਕੀਤੇ ਗਏ ਹਨ। ਉਨ੍ਹਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਇਸ ਮਾਮਲੇ ਦੀ ਜਾਂਚ ਕਰਦੇ ਹੋਏ, ਉਨ੍ਹਾਂ ਨੂੰ ਸਰਪੰਚ ਦੀ ਚੋਣ ਲੜਨ ਲਈ ਆਗਿਆ ਦਿੱਤੀ ਜਾਵੇ। ਲਵਪ੍ਰੀਤ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਤੋਂ ਮੰਗ ਹੈ ਕਿ ਸਾਡੇ ਰੱਦ ਕਰੇ ਹੋਏ ਫਾਰਮ ਬਹਾਲ ਕਰਵਾਏ ਜਾਣ। ਮੁੱਖ ਮੰਤਰੀ ਨੂੰ ਅਪੀਲ ਕਰਦਿਆ ਕਿਹਾ ਕਿ ਪੜ੍ਹੇ-ਲਿਖੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਰਾਜਨੀਤਿਕ ਪਾਰਟੀਆਂ ਦਾ ਸ਼ਰੇਆਮ ਧੱਕਾ ਚਲਦਾ ਆ ਰਿਹਾ ਹੈ।
ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਇਲਜ਼ਾਮ
ਉੱਧਰ ਹੀ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਜਿੰਨੇ ਵੀ ਪਿੰਡ ਆਉਂਦੇ ਹਨ, ਕਿਸੇ ਵੀ ਪਿੰਡ ਵਿੱਚ ਕਿਸੇ ਵੀ ਵਿਅਕਤੀ ਦੇ ਕਾਗਜ਼ ਰੱਦ ਨਹੀਂ ਹੋਏ। ਕਿਹਾ ਕਿ ਪਿੰਡ ਪੇਰੋਂ ਦੇ ਜੋ ਉਮੀਦਵਾਰ ਸਰਪੰਚ ਦੀ ਚੋਣ ਲੜ ਰਹੇ ਹਨ ਦੋਨਾਂ ਹੀ ਉਮੀਦਵਾਰਾਂ ਵੱਲੋਂ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਗਏ ਸਨ ਅਤੇ ਇੱਕ ਉਮੀਦਵਾਰ ਵੱਲੋਂ ਫਰਦ ਸਮੇਤ ਸਬੂਤ ਦੇ ਕੇ ਐਪਲੀਕੇਸ਼ਨ ਦਿੱਤੀ ਗਈ ਸੀ। ਦੂਜੇ ਪਾਸੇ, ਉਮੀਦਵਾਰ ਵੱਲੋਂ ਸਿਰਫ ਐਪਲੀਕੇਸ਼ਨ ਹੀ ਦਿੱਤੀ ਗਈ ਸੀ ਜਿਸ ਦੇ ਚੱਲਦਿਆਂ ਉਨ੍ਹਾਂ ਦੇ ਕਾਗਜ਼ ਰੱਦ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਾ ਸਰਕਾਰ ਅਤੇ ਨਾ ਹੀ ਉਨ੍ਹਾਂ ਦਾ ਕੋਈ ਰੋਲ ਹੈ। ਜੇਕਰ ਫਿਰ ਵੀ ਉਨ੍ਹਾਂ ਨੂੰ ਕੋਈ ਇਸ ਵਿੱਚ ਸ਼ੱਕ ਹੈ, ਤਾਂ ਉਹ ਪਟੀਸ਼ਨ ਵੀ ਪਾ ਸਕਦੇ ਹਨ ਅਤੇ ਉੱਚ ਅਧਿਕਾਰੀਆਂ ਨੂੰ ਵੀ ਮਿਲ ਸਕਦੇ ਹਨ।