ਚੰਡੀਗੜ੍ਹ : ਪਿਛਲੇ ਦਿਨੀਂ ਬਿੱਟੂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਦਾਅਵਾ ਕੀਤਾ ਸੀ, ਉਸ ਨੂੰ ਲੈਕੇ ਜਾਖੜ ਨੇ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕੱਲੀਆਂ ਬਿਆਨਬਾਜ਼ੀਆਂ ਨਾ ਕਰੋ, ਕੰਮ ਵੀ ਕਰੋ ਤਾਂ ਜੋ ਤੁਹਾਨੂੰ ਕਹਿਣ ਦੀ ਲੋੜ ਨਾ ਪਵੇ ਤੇ ਲੋਕ ਤੁਹਾਨੂੰ ਆਪ ਹੀ ਚੁਣ ਕੇ ਮੁੱਖ ਮੰਤਰੀ ਬਣਾ ਦੇਣ। ਇਸ ਮੌਕੇ ਉਹਨਾਂ ਤੰਜ ਕਸਦੇ ਹੋਏ ਕਿਹਾ ਕਿ ਜੇਕਰ ਮੀ ਟੁ (ਚਰਨਜੀਤ ਸਿੰਘ ਚੰਨੀ ) ਸੀਐਮ ਬਣ ਸਕਦਾ ਹੈ ਤਾਂ ਫਿਰ ਨੀਟੂ ਸ਼ਟਰਾਂਵਾਲਾ ਤੇ ਰਵਨੀਤ ਸਿੰਘ ਬਿੱਟੂ ਵੀ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਹੱਕਦਾਰ ਹਨ।
ਸਰਕਾਰ ਬਣੇਗੀ ਤਾਂ ਕੁਰਸੀ ਮਿਲੇਗੀ
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਸਿੰਘ ਬਿੱਟੂ ਵੱਲੋਂ ਆਪਣੇ-ਆਪ ਨੂੰ 2027 ’ਚ ਮੁੱਖ ਮੰਤਰੀ ਦੇ ਦਾਅਵੇਦਾਰ ਵਜੋਂ ਪੇਸ਼ ਕੀਤਾ ਗਿਆ ਸੀ । ਉਹਨਾਂ ਕਿਹਾ ਸੀ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਹਨ। ਜਿਸ ਨੂੰ ਲੈਕੇ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਬਿੱਟੂ ਨੂੰ ਨਸੀਹਤ ਦਿੱਤੀ ਹੈ। ਸੁਨੀਲ ਜਾਖੜ ਨੇ ਬਿੱਟੂ ਨੂੰ ਕਿਹਾ ਕਿ ਪਹਿਲਾਂ ਪੰਜਾਬ ਵਿੱਚ ਆਪਣੀ ਸਰਕਾਰ ਤਾਂ ਬਣਾ ਲਓ, ਫਿਰ CM ਬਾਰੇ ਸੋਚਿਓ। ਪੰਜਾਬ ਵਿੱਚ ਭਾਜਪਾ ਦੀ ਵੋਟ ਜ਼ਰੂਰ ਵਧੀ ਹੈ, ਪਰ ਸੀਟ ਇੱਕ ਵੀ ਨਹੀਂ ਆਈ। ਇਸ ਲਈ ਪਹਿਲਾਂ ਸੀਟ ਹਾਸਿਲ ਕਰੋ।
ਇਸ ਮੌਕੇ ਜਾਖੜ ਨੇ ਕਿਹਾ ਕਿ ਲੋਕਾਂ ਨੂੰ ਇੱਕ ਚੰਗੇ ਕਿਰਦਾਰ ਵਾਲਾ CM ਚਾਹੀਦਾ ਹੈ, ਜੋ ਪੰਜਾਬ ਦੀ ਗੱਲ ਕਰਦਾ ਹੋਵੇ। ਉਹਨਾਂ ਕਿਹਾ ਕਿ ਜੇਕਰ ਕੰਮ ਚੰਗੇ ਕਰੋਗੇ, ਤਾਂ ਤੁਹਾਨੂੰ ਕਹਿਣ ਦੀ ਵੀ ਲੋੜ ਨਹੀਂ ਪੈਣੀ ਕਿ ਮੈਂ ਮੁੱਖ ਮੰਤਰੀ ਬਣਨਾ ਚਾਉਂਦਾ ਹਾਂ, ਲੋਕ ਇੰਨੇ ਸਿਆਣੇ ਹਨ ਕਿ ਲੋਕ ਤੁਹਾਨੂੰ ਆਪ ਚੁਣ ਕੇ ਲੈਕੇ ਆਉਣਗੇ। ਸੁਨੀਲ ਜਾਖੜ ਨੇ ਕਿਹਾ ਕਿ ਅਸੀਂ ਪੰਜਾਬ ’ਚ ਰਹਿਣਾ ਹੈ, ਇਸ ਲਈ ਪੰਜਾਬ ’ਚ ਭਾਈਚਾਰੇ ਦਾ ਹੋਣਾ ਬਹੁਤ ਜ਼ਰੂਰੀ ਹੈ।
ਬਿਆਨਬਾਜ਼ੀਆਂ ਨਹੀਂ ਕੰਮ ਕਰੋ
ਭਾਜਪਾ ਆਗੂ ਜਾਖੜ ਨੇ ਕਿਹਾ ਕਿ, ਅੱਜ ਕੀਤੇ ਵੀ ਦੇਖ ਲਓ ਪੰਜਾਬ ਦੀ ਗੱਲ ਬਹੁਤ ਘੱਟ ਹੋ ਰਹੀ ਹੈ, ਨਿਤ ਦਿਨ ਹੀ ਮੰਤਰੀ ਵਿਧਾਇਕ ਇੱਕ ਦੂਜੇ ਖ਼ਿਲਾਫ਼ ਭੜਾਸ ਕੱਢਦੇ ਹਨ, ਪਰ ਇਹ ਜ਼ੋਰ ਉਨ੍ਹਾਂ ਨੂੰ ਪੰਜਾਬ ਦੇ ਅਹਿਮ ਮੁੱਦਿਆਂ ’ਤੇ ਲਾਉਣਾ ਚਾਹੀਦਾ ਹੈ। ਪੰਜਾਬ 'ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬੇਹਾਲ ਹੈ, ਪੰਜਾਬ ਵਿੱਚ ਨਸ਼ੇ ਦਾ ਮੁੱਦਾ ਅਹਿਮ ਹੈ, ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਇਸ ਲਈ ਬਿੱਟੂ ਨੂੰ ਪਹਿਲਾਂ ਆਪਣਾ ਘਰ ਸਾਫ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਸਿਰਫ਼ ਬਿਆਨਬਾਜ਼ੀਆਂ ਕਰਨ ਦੀ ਬਜਾਏ, ਕੰਮ ਕਰ ਕੇ ਦਿਖਾਉਣਾ ਚਾਹੀਦਾ ਹੈ।