ਲਾਹੌਰ: ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐਮਐਲ-ਐਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੂੰ ਉਨ੍ਹਾਂ ਦੀ ਪਾਰਟੀ ਨੇ ਮੰਗਲਵਾਰ ਰਾਤ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਨਾਮਜ਼ਦ ਕੀਤਾ ਹੈ। ਪੀਐਮਐਲ-ਐਨ ਦੀ ਬੁਲਾਰਾ ਮਰੀਅਮ ਔਰੰਗਜ਼ੇਬ ਨੇ 'ਐਕਸ' 'ਤੇ ਕਿਹਾ ਕਿ ਪਾਰਟੀ ਸੁਪਰੀਮੋ ਨਵਾਜ਼ ਸ਼ਰੀਫ਼ (74) ਨੇ ਆਪਣੇ ਛੋਟੇ ਭਰਾ ਸ਼ਹਿਬਾਜ਼ ਸ਼ਰੀਫ਼ (72) ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਅਤੇ ਧੀ ਮਰੀਅਮ ਨਵਾਜ਼ (50) ਨੂੰ ਪੰਜਾਬ ਸੂਬੇ ਦੇ ਮੁੱਖ ਮੰਤਰੀ ਅਹੁਦੇ ਲਈ ਨਾਮਜ਼ਦ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਨਵਾਜ਼ ਸ਼ਰੀਫ਼ ਨੇ ਪੀ.ਐੱਮ.ਐੱਲ.-ਐੱਨ (ਅਗਲੀ ਸਰਕਾਰ ਬਣਾਉਣ 'ਚ) ਦਾ ਸਮਰਥਨ ਕਰਨ ਵਾਲੀਆਂ ਸਿਆਸੀ ਪਾਰਟੀਆਂ ਦਾ ਧੰਨਵਾਦ ਕੀਤਾ ਹੈ ਅਤੇ ਉਮੀਦ ਪ੍ਰਗਟਾਈ ਹੈ ਕਿ ਅਜਿਹੇ ਫੈਸਲੇ ਪਾਕਿਸਤਾਨ ਨੂੰ ਸੰਕਟ 'ਚੋਂ ਬਾਹਰ ਕੱਢਣਗੇ। ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੂੰ ਛੱਡ ਕੇ ਵੱਡੀਆਂ ਪਾਰਟੀਆਂ ਨੇ ਐਲਾਨ ਕੀਤਾ ਹੈ ਕਿ ਉਹ ਪੀਐਮਐਲ-ਐਨ ਦੀ ਅਗਵਾਈ ਵਿੱਚ ਗੱਠਜੋੜ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨਗੇ।

ਚਾਹੁੰਦਾ ਹਾਂ ਕਿ ਮੇਰੇ ਪਿਤਾ ਜ਼ਰਦਾਰੀ ਨੂੰ ਪਾਕਿਸਤਾਨ ਦਾ ਅਗਲਾ ਰਾਸ਼ਟਰਪਤੀ ਬਣਾਇਆ ਜਾਵੇ: ਬਿਲਾਵਲ
ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਮੰਗਲਵਾਰ ਨੂੰ ਇਸਲਾਮਾਬਾਦ ਵਿੱਚ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਿਤਾ ਆਸਿਫ਼ ਅਲੀ ਜ਼ਰਦਾਰੀ ਨੂੰ ਦੁਬਾਰਾ ਰਾਸ਼ਟਰਪਤੀ ਬਣਾਇਆ ਜਾਵੇ। ਪੀਪੀਪੀ ਦੇ ਚੇਅਰਮੈਨ ਜ਼ਰਦਾਰੀ (68) ਨੇ 2008 ਤੋਂ 2013 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।
ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਪਿੱਛੇ ਹਟਣ ਦਾ ਐਲਾਨ ਕਰਦਿਆਂ ਬਿਲਾਵਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਰਕਾਰ ਦਾ ਹਿੱਸਾ ਬਣੇ ਬਿਨਾਂ ਪ੍ਰਧਾਨ ਮੰਤਰੀ ਅਹੁਦੇ ਲਈ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਉਮੀਦਵਾਰ ਦਾ ਸਮਰਥਨ ਕਰੇਗੀ। ਬਿਲਾਵਲ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਿਤਾ ਜ਼ਰਦਾਰੀ ਅਗਲੇ ਰਾਸ਼ਟਰਪਤੀ ਬਣਨ।
ਬਿਲਾਵਲ ਨੇ ਕਿਹਾ ਕਿ ਮੈਂ ਇਹ ਇਸ ਲਈ ਨਹੀਂ ਕਹਿ ਰਿਹਾ ਕਿਉਂਕਿ ਉਹ ਮੇਰੇ ਪਿਤਾ ਹਨ, ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਦੇਸ਼ ਇਸ ਸਮੇਂ ਵੱਡੇ ਸੰਕਟ ਵਿੱਚ ਹੈ ਅਤੇ ਜੇਕਰ ਕੋਈ ਇਸ ਅੱਗ ਨੂੰ ਬੁਝਾ ਸਕਦਾ ਹੈ ਤਾਂ ਉਹ ਆਸਿਫ਼ ਅਲੀ ਜ਼ਰਦਾਰੀ ਹਨ। ਪਾਕਿਸਤਾਨ ਦੇ ਮੌਜੂਦਾ ਰਾਸ਼ਟਰਪਤੀ ਡਾਕਟਰ ਆਰਿਫ ਅਲਵੀ ਅਗਲੇ ਮਹੀਨੇ ਆਪਣਾ ਅਹੁਦਾ ਛੱਡਣ ਜਾ ਰਹੇ ਹਨ।
- ਪਾਕਿਸਤਾਨ 'ਚ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਯਕੀਨੀ ਬਣਾਉਣਾ ਜ਼ਰੂਰੀ: ਅਮਰੀਕਾ
- ਪਾਕਿਸਤਾਨ ਨੂੰ ਅਮਰੀਕਾ ਤੋਂ ਮਿਲੀ ਰਾਹਤ ਦੀ ਖਬਰ-ਕਿਹਾ ਸਰਕਾਰ ਕਿਸੇ ਦੀ ਵੀ ਬਣੇ ਅਸੀਂ ਨਾਲ ਕੰਮ ਕਰਨ ਲਈ ਹਾਂ ਤਿਆਰ
- ਪਾਕਿਸਤਾਨ ਨੂੰ ਸੱਤਾ ਦੀ ਨਿਰਪੱਖ, ਸ਼ਾਂਤੀਪੂਰਨ ਤਬਦੀਲੀ ਬਣਾਉਣੀ ਚਾਹੀਦੀ ਯਕੀਨੀ : ਹਿਊਮਨ ਰਾਈਟਸ ਵਾਚ
- ਦਰਜਨਾਂ ਆਜ਼ਾਦ ਵਿਧਾਇਕਾਂ ਨੇ ਨਵਾਜ਼ ਸ਼ਰੀਫ਼ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
- ਪਾਕਿਸਤਾਨ: ਨਵਾਜ਼ ਅਤੇ ਭੁੱਟੋ ਵਿਚਾਲੇ ਗੱਠਜੋੜ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼