ਨਾਸ਼ੂਆ (ਏਪੀ): ਨਿਊ ਹੈਂਪਸ਼ਾਇਰ ਚਰਚ ਵਿੱਚ ਵਿਆਹ ਦੌਰਾਨ ਗੋਲੀਬਾਰੀ ਕਰ ਇੱਕ ਬਿਸ਼ਪ ਅਤੇ ਇੱਕ ਲਾੜੀ ਨੂੰ ਜ਼ਖਮੀ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ 40 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 41 ਸਾਲਾ ਡੇਲ ਹੋਲੋਵੇ ਨੇ ਵਿਆਹ ਨੂੰ ਤਬਾਹੀ ਵਿੱਚ ਬਦਲ ਦਿੱਤਾ ਸੀ। ਸਰਕਾਰੀ ਵਕੀਲ ਸੇਠ ਡੋਬਿਸਕੀ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਪੀੜਤਾ ਦੇ ਜ਼ਖਮ ਸਮੇਂ ਦੇ ਨਾਲ ਫਿੱਕੇ ਪੈ ਸਕਦੇ ਹਨ, ਪਰ ਉਹਨਾਂ ਨੂੰ ਜੋ ਮਾਨਸਿਕ ਪੀੜ ਦਿੱਤੀ ਗਈ ਸੀ ਉਹ ਕਦੇ ਵੀ ਦੂਰ ਨਹੀਂ ਕੀਤੀ ਜਾ ਸਕਦੀ।
ਦੋਸ਼ੀ ਵਿਅਕਤੀ ਮਾਨਸਿਕ ਰੋਗ ਤੋਂ ਪੀੜਤ : ਦੱਸ ਦਈਏ ਕਿ ਮੁਲਜ਼ਮ ਡੇਲ ਹੋਲੋਵੇ ਸੋਮਵਾਰ ਦੀ ਸੁਣਵਾਈ ਵਿੱਚ ਹਾਜ਼ਰ ਨਹੀਂ ਹੋਇਆ, ਪਰ ਉਸ ਦਾ ਵਕੀਲ ਹਾਜ਼ਰ ਸੀ। ਮੁਲਜ਼ਮ ਦੇ ਵਕੀਲ ਨੇ ਕੋਰਟ ਵਿੱਚ ਇਹ ਦਲੀਲ ਦਿੱਤੀ ਹੈ ਕਿ ਮੁਲਜ਼ਮ ਅਕਤੂਬਰ 2019 ਵਿੱਚ ਗੋਲੀਬਾਰੀ ਦੇ ਸਮੇਂ ਮਾਨਸਿਕ ਤੌਰ 'ਤੇ ਅਸਥਿਰ ਸੀ। ਕੋਰਟ ਨੇ ਪਾਗਲਪਣ ਦੇ ਬਚਾਅ ਪੱਖ ਨੂੰ ਰੱਦ ਕਰ ਦਿੱਤਾ ਸੀ ਅਤੇ ਨਵੰਬਰ ਵਿੱਚ ਉਸਨੂੰ ਦੋਸ਼ੀ ਠਹਿਰਾਇਆ ਗਿਆ ਸੀ। ਮੁਲਜ਼ਮ ਹੋਲੋਵੇ ਪਹਿਲਾਂ ਹੀ ਆਪਣੇ ਅਟਾਰਨੀ 'ਤੇ ਹਮਲਾ ਕਰਨ ਲਈ ਰਾਜ ਦੀ ਜੇਲ੍ਹ ਵਿੱਚ 7.5 ਤੋਂ 15 ਸਾਲ ਦੀ ਸਜ਼ਾ ਕੱਟ ਰਿਹਾ ਹੈ।
ਮੁਲਜ਼ਮ ਹੋਲੋਵੇ ਨੇ ਸਬੂਤ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਮਾਨਸਿਕ ਰੋਗ ਤੋਂ ਪੀੜਤ ਸੀ। ਮੁਲਜ਼ਮ ਨੇ ਮਨੋਵਿਗਿਆਨੀਆਂ ਤੋਂ ਗਵਾਹੀ ਵੀ ਪੇਸ਼ ਕਰਵਾਈ ਜਿਨ੍ਹਾਂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਉਹ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ ਸੀ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਲੱਛਣਾਂ ਨੂੰ ਵਧਾ-ਚੜ੍ਹਾ ਕੇ ਦੱਸ ਰਿਹਾ ਹੈ। ਦੱਸ ਦਈਏ ਕਿ ਮੁਲਜ਼ਮ ਨੇ ਪਹਿਲਾਂ ਆਪਣੇ ਮਤਰੇਏ ਪਿਤਾ ਦਾ ਕਤਲ ਕਰ ਦਿੱਤਾ ਤੇ ਫਿਰ ਹਫ਼ਤੇ ਬਾਅਦ ਆਪਣੇ ਸਕੇ ਪਿਤਾ ਦੇ ਵਿਆਹ ਦੌਰਾਨ ਚਰਚ ਵਿੱਚ ਗੋਲੀਬਾਰੀ ਕਰ ਦਿੱਤੀ।
ਬਿਸ਼ਪ ਤੇ ਲਾੜੀ ਹੋਈ ਸੀ ਜ਼ਖ਼ਮੀ: ਬਿਸ਼ਪ ਸਟੈਨਲੀ ਚੋਏਟ ਦੀ ਛਾਤੀ ਵਿੱਚ ਗੋਲੀ ਲੱਗੀ ਸੀ। ਲਾੜੀ ਕਲੇਅਰ ਮੈਕਮੁਲਨ ਦੀ ਬਾਂਹ ਵਿੱਚ ਗੋਲੀ ਮਾਰੀ ਗਈ ਸੀ। ਦੋਵੇਂ ਬਚ ਗਏ ਸਨ, ਪਰ ਸੋਮਵਾਰ ਨੂੰ ਜੱਜ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਿਹਤ ਸਮੱਸਿਆਵਾਂ ਜਾਰੀ ਹਨ। ਕਲੇਰ ਮੈਕਮੁਲਨ ਨੇ ਕਿਹਾ ਕਿ ਉਸ ਨੂੰ ਆਪਣਾ 30 ਸਾਲ ਤੋਂ ਵੱਧ ਦਾ ਕਰੀਅਰ ਛੱਡਣਾ ਪਿਆ। ਉਹਨਾਂ ਨੇ ਕਿਹਾ ਕਿ ਮੇਰੀ ਉਮੀਦ ਹੈ ਕਿ ਉਹ ਹਮੇਸ਼ਾ ਲਈ ਜੇਲ੍ਹ ਵਿੱਚ ਰਹੇ ਤਾਂ ਜੋ ਉਸਨੂੰ ਕਦੇ ਵੀ ਕਿਸੇ ਹੋਰ ਬੇਕਸੂਰ ਵਿਅਕਤੀ 'ਤੇ ਨਕਾਰਾਤਮਕ ਪ੍ਰਭਾਵ ਪਾਉਣ ਦਾ ਮੌਕਾ ਨਾ ਮਿਲੇ।
ਬਿਸ਼ਪ ਸਟੈਨਲੀ ਚੋਏਟ ਨੇ ਕਿਹਾ ਕਿ ਉਸ ਨੂੰ ਫਿਰ ਤੋਂ ਤੁਰਨਾ ਸਿੱਖਣਾ ਪਵੇਗਾ ਅਤੇ ਉਹ ਕੁਝ ਸਮੇਂ ਲਈ ਆਪਣੀਆਂ ਬਾਹਾਂ ਦੀ ਵਰਤੋਂ ਨਹੀਂ ਕਰ ਸਕਣਗੇ। ਉਹਨਾਂ ਨੇ ਕਿਹਾ, "ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਮੇਰੀ ਸਿਹਤ ਵਿੱਚ ਜਲਦ ਹੀ ਸੁਧਾਰ ਹੋ ਰਿਹਾ ਹੈ। ਜੱਜ ਨੇ ਮੁਲਜ਼ਮ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ਵਿੱਚ 40 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।