ਹੈਦਰਾਬਾਦ: ਅਨੀਮੀਆ ਇੱਕ ਜਾਨਲੇਵਾ ਬਿਮਾਰੀ ਹੈ। ਸਾਡੇ ਸਰੀਰ 'ਚ ਕਈ ਪੌਸ਼ਟਿਕ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਪੌਸ਼ਟਿਕ ਤੱਤ ਸਰੀਰ ਨੂੰ ਸਿਹਤਮੰਦ ਰੱਖਣ ਅਤੇ ਸਹੀ ਵਿਕਾਸ ਲਈ ਜ਼ਰੂਰੀ ਹੁੰਦੇ ਹਨ। ਆਈਰਨ ਵੀ ਇਨ੍ਹਾਂ ਪੌਸ਼ਟਿਕ ਤੱਤਾਂ 'ਚੋ ਇੱਕ ਹੈ। ਸਰੀਰ 'ਚ ਆਈਰਨ ਦੀ ਕਮੀ ਕਾਰਨ ਅਨੀਮੀਆ ਦਾ ਖਤਰਾ ਹੋ ਸਕਦਾ ਹੈ। ਇਸ ਲਈ ਤੁਹਾਨੂੰ ਅਨੀਮੀਆ ਦੇ ਲੱਛਣਾਂ ਅਤੇ ਇਸ ਬਿਮਾਰੀ ਤੋਂ ਬਚਣ ਦੇ ਤਰੀਕਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ।
ਕੀ ਹੈ ਅਨੀਮੀਆ?: ਅਨੀਮੀਆ ਇੱਕ ਅਜਿਹੀ ਸਮੱਸਿਆ ਹੈ, ਜਿਸ ਦੌਰਾਨ ਸਰੀਰ ਦੇ ਟਿਸ਼ੂ ਤੱਕ ਆਕਸੀਜਨ ਲੈ ਜਾਣ ਲਈ ਸਿਹਤਮੰਦ ਰੈੱਡ ਸੈੱਲ ਜਾਂ ਹੀਮੋਗਲੋਬਿਨ 'ਚ ਕਮੀ ਹੋ ਜਾਂਦੀ ਹੈ। ਹੀਮੋਗਲੋਬਿਨ ਰੈੱਡ ਸੈੱਲਾਂ 'ਚ ਪਾਇਆ ਜਾਣ ਵਾਲਾ ਇੱਕ ਪ੍ਰੋਟੀਨ ਹੈ, ਜੋ ਫੇਫੜਿਆਂ ਤੋਂ ਸਰੀਰ ਦੇ ਸਾਰੇ ਅੰਗਾਂ ਤੱਕ ਆਕਸੀਜਨ ਪਹੁੰਚਾਉਦਾ ਹੈ।
ਅਨੀਮੀਆ ਦੇ ਲੱਛਣ:
- ਥਕਾਵਟ ਮਹਿਸੂਸ ਹੋਣਾ।
- ਕੰਮਜ਼ੋਰੀ।
- ਸਾਹ ਲੈਣ 'ਚ ਮੁਸ਼ਕਿਲ।
- ਪੀਲੀ ਚਮੜੀ।
- ਦਿਲ ਦੀ ਅਨਿਯਮਿਤ ਧੜਕਣ
- ਚੱਕਰ ਆਉਣਾ।
- ਛਾਤੀ 'ਚ ਦਰਦ।
- ਠੰਡੇ ਹੱਥ ਅਤੇ ਪੈਰ।
- ਸਿਰਦਰਦ।
ਅਨੀਮੀਆ ਦੇ ਕਾਰਨ: ਅਨੀਮੀਆ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਕਈ ਲੋਕਾਂ ਨੂੰ ਇਹ ਬਿਮਾਰੀ ਜਨਮ ਤੋਂ ਹੀ ਹੋ ਜਾਂਦੀ ਹੈ। ਹਾਲਾਂਕਿ, ਕੁਝ ਹੋਰ ਕਾਰਨਾਂ ਕਰਕੇ ਵੀ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ। ਇਸ ਲਈ ਰੈੱਡ ਬਲੱਡ ਸੈੱਲ ਦਾ ਘੱਟ ਪ੍ਰੋਡਕਸ਼ਨ, ਜ਼ਿਆਦਾ ਖੂਨ ਅਤੇ ਸਰੀਰ 'ਚ ਆਈਰਨ, ਵਿਟਾਮਿਨ-ਬੀ12 ਅਤੇ ਫੋਲਿਕ ਐਸਿਡ ਦੀ ਕਮੀ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ।
ਅਨੀਮੀਆ ਤੋਂ ਬਚਣ ਦੇ ਤਰੀਕੇ: ਅਨੀਮੀਆ ਦੀਆਂ ਸਾਰੀਆਂ ਕਿਸਮਾਂ ਨੂੰ ਰੋਕਣਾ ਮੁਸ਼ਕਿਲ ਹੁੰਦਾ ਹੈ, ਪਰ ਆਈਰਨ ਅਤੇ ਵਿਟਾਮਿਨ ਦੀ ਕਮੀ ਕਾਰਨ ਹੋਣ ਵਾਲੇ ਅਨੀਮੀਆ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਸਿਹਤਮੰਦ ਖੁਰਾਕ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਓ।
- ਆਈਰਨ ਦੀ ਕਮੀ ਕਾਰਨ ਹੋਣ ਵਾਲੇ ਅਨੀਮੀਆ ਤੋਂ ਬਚਣ ਲਈ ਆਈਰਨ ਨਾਲ ਭਰਪੂਰ ਚੀਜ਼ਾਂ ਜਿਵੇਂ ਕਿ ਮੀਟ, ਬੀਨਸ, ਦਾਲ, ਅਨਾਜ, ਹਰੀ ਪੱਤੇਦਾਰ ਸਬਜ਼ੀਆਂ ਅਤੇ ਮੇਵੇ ਆਦਿ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
- ਫੋਲੇਟ ਇੱਕ ਪੌਸ਼ਟਿਕ ਤੱਤ ਹੈ। ਸਰੀਰ 'ਚ ਇਸਦੀ ਕਮੀ ਨੂੰ ਦੂਰ ਕਰਨ ਲਈ ਫੋਲਿਕ ਐਸਿਡ ਨਾਲ ਭਰਪੂਰ ਫਲ ਅਤੇ ਫਲਾਂ ਦੇ ਰਸ, ਪੱਤੇਦਾਰ ਸਬਜ਼ੀਆਂ, ਮਟਰ, ਰਾਜਮਾ, ਮੂੰਗਫਲੀ, ਬ੍ਰੈੱਡ, ਅਨਾਜ, ਪਾਸਤਾ ਅਤੇ ਚੌਲ ਆਦਿ ਨੂੰ ਖੁਰਾਕ 'ਚ ਸ਼ਾਮਲ ਕਰੋ।
- ਵਿਟਾਮਿਨ-ਬੀ12 ਦੀ ਕਮੀ ਨੂੰ ਦੂਰ ਕਰਨ ਲਈ ਮੀਟ, ਡੇਅਰੀ ਪ੍ਰੋਡਕਟਸ, ਅਨਾਜ, ਸੋਇਆ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
- ਵਿਟਾਮਿਨ-ਸੀ ਨੂੰ ਪੂਰਾ ਕਰਨ ਲਈ ਖੱਟੇ ਫਲ ਅਤੇ ਜੂਸ, ਮਿਰਚ, ਬ੍ਰੋਕਲੀ, ਟਮਾਟਰ, ਖਰਬੂਜਾ ਅਤੇ ਸਟ੍ਰਾਬੇਰੀ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ।