ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਸ਼ਨਸ਼ੇਸ਼ਨ ਬਣ ਉਭਰ ਰਹੀ ਹੈ ਗਾਇਕਾ ਸ਼ਿਪਰਾ ਗੋਇਲ, ਜੋ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਗਾਣੇ ਲੈ ਕੇ ਆਪਣੀ ਧਾਂਕ ਹੋਰ ਜਮਾਉਂਦੀ ਜਾ ਰਹੀ ਹੈ ਅਤੇ ਪੜਾਅ ਦਰ ਪੜਾਅ ਹੋਰ ਵਿਸ਼ਾਲਤਾ ਕਰਦੀ ਉਨਾਂ ਦੀ ਇਸੇ ਗਾਇਨ ਲੜੀ ਨੂੰ ਹੋਰ ਪੁਖਤਗੀ ਦੇਣ ਜਾ ਰਿਹਾ ਉਸ ਦਾ ਨਵਾਂ ਗਾਣਾ 'ਅੱਗ ਵਰਗੀ' ਜੋ ਕੱਲ੍ਹ 21 ਮਾਰਚ ਨੂੰ ਵੱਖ-ਵੱਖ ਸੰਗੀਤਕ ਪਲੇਟਫਾਰਮ 'ਤੇ ਰਿਲੀਜ਼ ਹੋਣ ਜਾ ਰਿਹਾ ਹੈ।
'ਸ਼ਿਪਰਾ ਗੋਇਲ ਰਿਕਾਰਡਜ਼' ਦੇ ਲੇਬਲ ਅਧੀਨ ਜਾਰੀ ਕੀਤੇ ਜਾ ਰਹੇ ਇਸ ਗਾਣੇ ਦਾ ਸੰਗੀਤ ਮੈਡ ਮਿਕਸ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਚੰਨੀ ਨਾਤਾਂ ਦੇ ਹਨ, ਜਿੰਨਾਂ ਅਨੁਸਾਰ ਆਧੁਨਿਕ ਸੰਗੀਤਕ ਮਾਪਦੰਢਾਂ ਅਧੀਨ ਤਿਆਰ ਕੀਤਾ ਗਿਆ ਇਹ ਗਾਣਾ ਸ਼ਿਪਰਾ ਗੋਇਲ ਵੱਲੋਂ ਬਹੁਤ ਹੀ ਸੁਰੀਲੇ ਅਤੇ ਸ਼ਾਨਦਾਰ ਅੰਦਾਜ਼ ਵਿੱਚ ਗਾਇਆ ਗਿਆ ਹੈ, ਜੋ ਮੁੱਖ ਰੂਪ ਵਿੱਚ ਨੌਜਵਾਨੀ ਉਪਰ ਕੇਂਦਰਿਤ ਕੀਤਾ ਗਿਆ ਹੈ।
'ਇਨਡੋਰ ਸਟੂਡੀਓਜ਼' ਅਤੇ ਵੱਖ-ਵੱਖ ਆਊਟਡੋਰ ਲੋਕੇਸ਼ਨਜ਼ ਅਧੀਨ ਖੂਬਸੂਰਤੀ ਅਤੇ ਆਲੀਸ਼ਾਨਤਾ ਨਾਲ ਫਿਲਮਾਏ ਗਏ ਇਸ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਚੰਨੀ ਨਾਤਾਂ ਅਤੇ ਇੰਦਰਪਾਲ ਮੋਗਾ ਦੁਆਰਾ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਉਕਤ ਟਰੈਕ ਸੰਬੰਧਤ ਮਿਊਜ਼ਿਕ ਵੀਡੀਓ ਵਿੱਚ ਬਿਹਤਰੀਨ ਫੀਚਰਿੰਗ ਕਰਦੇ ਨਜ਼ਰੀ ਪੈਣਗੇ।
ਹਾਲ ਹੀ ਦਿਨਾਂ ਵਿੱਚ ਗੁਰਨਾਮ ਭੁੱਲਰ ਨਾਲ ਰਿਲੀਜ਼ ਹੋਏ ਆਪਣੇ ਟਰੈਕ 'ਤੇਰੇ ਵਾਲੀ ਗੱਲ ਕਿੱਥੇ' ਅਤੇ ਜੱਸੀ ਗਿੱਲ ਨਾਲ ਜਾਰੀ ਹੋਏ 'ਸ਼ਰਤ ਲਗਾ ਕੇ' ਨਾਲ ਵੀ ਇੰਨੀਂ ਦਿਨੀਂ ਸੰਗੀਤਕ ਗਲਿਆਰਿਆਂ ਵਿੱਚ ਕਾਫ਼ੀ ਚਰਚਾ ਦਾ ਕੇਂਦਰ-ਬਿੰਦੂ ਬਣੀ ਹੋਈ ਹੈ ਇਹ ਸਫ਼ਲ ਅਤੇ ਬਿਹਤਰੀਨ ਗਾਇਕਾ, ਜੋ ਪਲੇ ਬੈਕ ਗਾਇਕਾ ਦੇ ਤੌਰ 'ਤੇ ਵੀ ਪੰਜਾਬੀ ਅਤੇ ਹਿੰਦੀ ਸਿਨੇਮਾ ਖੇਤਰ ਵਿੱਚ ਵੀ ਅਪਣੀਆਂ ਪੈੜਾਂ ਹੋਰ ਮਜ਼ਬੂਤ ਕਰਦੀ ਜਾ ਰਹੀ ਹੈ, ਜਿੰਨਾਂ ਵੱਲੋਂ ਕਈ ਵੱਡੀਆਂ ਫਿਲਮਾਂ ਵਿੱਚ ਗਾਏ ਗਾਣੇ ਵੀ ਜਲਦ ਸਾਹਮਣੇ ਆਉਣਗੇ।
ਮੂਲ ਰੂਪ ਵਿੱਚ ਦਿੱਲੀ ਨਾਲ ਵਾਵੁਸਤਾ ਅਤੇ ਪੋਪ, ਡਾਂਸ ਸੰਗੀਤ ਅਤੇ ਗਾਇਨ ਵਿੱਚ ਬੇਮਿਸਾਲ ਕੁਸ਼ਲਤਾ ਰੱਖਦੀ ਇਸ ਬਾਕਮਾਲ ਗਾਇਕਾ ਦੇ ਜੀਵਨ ਅਤੇ ਕਰੀਅਰ ਵੱਲ ਝਾਤ ਮਾਰੀਏ ਤਾਂ ਬਚਪਨ ਤੋਂ ਗਾਇਕੀ ਦਾ ਸ਼ੌਂਕ ਰੱਖਦੀ ਇਸ ਉਮਦਾ ਫਨਕਾਰਾਂ ਨੇ ਹਿੰਦੂ ਕਾਲਜ (ਦਿੱਲੀ) ਤੋਂ ਕਲਾਸੀਕਲ ਸੰਗੀਤ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ, ਜਿਸ ਉਪਰੰਤ ਅਪਣੇ ਸੰਗੀਤਕ ਸੁਫਨਿਆਂ ਨੂੰ ਤਾਬੀਰ ਦੇਣ ਲਈ ਮੁੰਬਈ ਦਾ ਰੁਖ਼ ਕਰ ਲਿਆ।
ਮੁੰਬਈ ਲੰਮੇਂ ਸੰਘਰਸ਼ ਬਾਅਦ ਆਖਰ ਉਨਾਂ ਦੀ ਮਿਹਨਤ ਉਸ ਸਮੇਂ ਰੰਗ ਲਿਆਈ, ਜਦੋਂ ਉਨਾਂ ਨੂੰ ਮਸ਼ਹੂਰ ਬਾਲੀਵੁੱਡ ਸੰਗੀਤਕਾਰ ਜੋੜੀ ਵਿਸ਼ਾਲ-ਸ਼ੇਖਰ ਨੇ ਫਿਲਮ 'ਇਸ਼ਕ ਬੁਲਾਵਾ' ਲਈ ਪਿੱਠਵਰਤੀ ਗਾਉਣ ਦਾ ਅਵਸਰ ਦਿੱਤਾ, ਜਿਸ ਤੋਂ ਬਾਅਦ ਇਸ ਪ੍ਰਤਿਭਾਵਾਨ ਗਾਇਕਾ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਗਾਣੇ ਗਾਏ, ਜਿੰਨਾਂ ਵਿੱਚ ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਗੈਰ ਫਿਲਮੀ ਵੀ ਸ਼ਾਮਿਲ ਰਹੇ।