ਚੰਡੀਗੜ੍ਹ: ਸਾਲ 2014 ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਹਿੰਦੀ ਫਿਲਮ 'ਹੀਰੋਪੰਤੀ' ਨਾਲ ਚਰਚਾ ਦਾ ਕੇਂਦਰ ਬਿੰਦੂ ਬਣੇ ਅਦਾਕਾਰ ਰਾਂਝਾ ਵਿਕਰਮ ਸਿੰਘ ਅੱਜਕੱਲ੍ਹ ਪੰਜਾਬੀ ਸਿਨੇਮਾ ਵਿੱਚ ਵੀ ਬਰਾਬਰਤਾ ਨਾਲ ਕਦਮ ਅੱਗੇ ਵਧਾ ਰਹੇ ਹਨ, ਜਿੰਨ੍ਹਾਂ ਵੱਲੋਂ ਪਾਲੀਵੁੱਡ ਵਿੱਚ ਸਿਰਜੀਆਂ ਜਾ ਰਹੀ ਪੈੜਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਰੀ-ਰਿਲੀਜ਼ ਅਤੇ ਡਬ ਵਰਸ਼ਨ 'ਚ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਜ਼ਿੱਦੀ ਜੱਟ', ਜੋ ਜਲਦ ਹੀ ਮੁੜ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ।
'ਰਨਿੰਗ ਹੋਰਸ ਪਿਕਚਰਜ਼' ਵੱਲੋਂ ਪੇਸ਼ ਕੀਤੀ ਗਈ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਸਿਮਰਨਜੀਤ ਸਿੰਘ ਹੁੰਦਲ ਦੁਆਰਾ ਕੀਤਾ ਗਿਆ, ਜੋ 'ਜੱਟ ਬੁਆਏਜ਼ ਪੁੱਤ ਜੱਟਾਂ ਦੇ', 'ਗੰਨ ਐਂਡ ਗੋਲ', 'ਰੱਬਾ ਰੱਬਾ ਮੀਂਹ ਵਰਸਾ' ਜਿਹੀਆਂ ਕਈ ਚਰਚਿਤ ਅਤੇ ਅਰਥ-ਭਰਪੂਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਐਕਸ਼ਨ ਡਰਾਮਾ ਕਹਾਣੀ ਅਧਾਰਿਤ ਉਕਤ ਫਿਲਮ ਵਿੱਚ ਰਾਂਝਾ ਵਿਕਰਮ ਸਿੰਘ, ਸਿੰਘਾ, ਸਾਰਾ ਗੁਰਪਾਲ ਅਤੇ ਮਸ਼ਹੂਰ ਬਾਲੀਵੁੱਡ ਅਦਾਕਾਰ ਪ੍ਰਦੀਪ ਰਾਵਤ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਸਨ। ਸਾਲ 2022 ਵਿੱਚ ਵੱਡੇ ਪੱਧਰ ਉੱਪਰ ਰਿਲੀਜ਼ ਕੀਤੀ ਗਈ ਉਕਤ ਫਿਲਮ ਆਸ ਅਨੁਸਾਰ ਕਾਮਯਾਬੀ ਹਾਸਿਲ ਕਰਨ ਵਿੱਚ ਅਸਫ਼ਲ ਰਹੀ ਸੀ, ਜਿਸ ਨੂੰ ਪੰਜਾਬੀ ਸਿਨੇਮਾ ਦੇ ਸੁਖਦ ਹੋ ਰਹੇ ਮਾਹੌਲ ਬਾਅਦ ਹੁਣ ਮੁੜ ਸਿਨੇਮਾ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ, ਜਿਸ ਮੱਦੇਨਜ਼ਰ ਫਿਲਮ ਦਾ ਹਿੰਦੀ ਡਬ ਵਰਸ਼ਨ ਵੀ ਸਾਹਮਣੇ ਲਿਆਂਦਾ ਜਾ ਰਿਹਾ ਹੈ, ਤਾਂਕਿ ਦਰਸ਼ਕ ਦਾਇਰੇ ਨੂੰ ਵੱਧ ਤੋਂ ਵੱਧ ਵਿਸਥਾਰ ਦਿੱਤਾ ਜਾ ਸਕੇ।
ਹਿੰਦੀ ਸਿਨੇਮਾ ਅਦਾਕਾਰ ਰਾਂਝਾ ਵਿਕਰਮ ਸਿੰਘ ਦੀ ਪਾਲੀਵੁੱਡ ਸਥਾਪਤੀ ਕਵਾਇਦ ਨੂੰ ਪ੍ਰਭਾਵੀ ਅੰਜ਼ਾਮ ਦੇਣ ਵਾਲੀ ਉਕਤ ਫਿਲਮ ਹਾਲਾਂਕਿ ਪਹਿਲੋਂ ਪੰਜਾਬੀ ਭਾਸ਼ਾ ਵਿੱਚ ਹੀ ਰਿਲੀਜ਼ ਕੀਤੀ ਗਈ ਉਕਤ ਫਿਲਮ ਦਾ ਸੰਪਾਦਕ ਬੱਲੂ ਸਲੂਜਾ ਵੱਲੋਂ ਕੀਤਾ ਗਿਆ ਸੀ, ਜੋ 'ਦੰਗਲ', 'ਲਗਾਨ', 'ਸਵਦੇਸ਼' ਅਤੇ ਹੋਰ ਬਹੁਤ ਸਾਰੀਆਂ ਦਿਲਚਸਪ ਫਿਲਮਾਂ ਨੂੰ ਖੂਬਸੂਰਤ ਵਜ਼ੂਦ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਹਾਲ ਹੀ ਦੇ ਸਮੇਂ ਦੌਰਾਨ ਰਿਲੀਜ਼ ਹੋਈ ਸ਼ਾਹਰੁਖ ਖਾਨ ਸਟਾਰਰ 'ਡੰਕੀ' ਦਾ ਅਹਿਮ ਹਿੱਸਾ ਰਹੇ ਅਦਾਕਾਰ ਰਾਂਝਾ ਵਿਕਰਮ ਸਿੰਘ 'ਬਾਗ਼ੀ', '25 ਕਿੱਲੇ', 'ਯਾ ਰੱਬ', 'ਰਾਣਾ ਵਿਕਰਮਾ', 'ਫੌਜੀ ਕਾਲਿੰਗ' ਅਤੇ ਹੋਰ ਬਹੁਤ ਸਾਰੇ ਸਫਲ ਪ੍ਰੋਜੈਕਟਾਂ ਦਾ ਵੀ ਹਿੱਸਾ ਰਹੇ ਹਨ, ਜੋ ਪੰਜਾਬੀ ਸਿਨੇਮਾ ਖੇਤਰ ਵਿੱਚ ਲਗਾਤਾਰ ਅਹਿਮ ਕੋਸ਼ਿਸ਼ਾਂ ਨੂੰ ਅੰਜ਼ਾਮ ਦਿੰਦੇ ਆ ਰਹੇ ਹਨ।
ਇਹ ਵੀ ਪੜ੍ਹੋ: