ਹੈਦਰਾਵਾਦ: ਗਣਤੰਤਰ ਦਿਵਸ ਦੇ ਦਿਨ ਅੱਜ ਵੀਰਵਾਰ ਨੂੰ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਾਲ 110 ਸ਼ਖਸੀਅਤਾਂ ਨੂੰ ਪਦਮ ਸ਼੍ਰੀ ਦਿੱਤਾ ਜਾਵੇਗਾ। ਇਨ੍ਹਾਂ ਵਿੱਚ ਪੰਜਾਬ ਦੇ ਦੋ ਅਤੇ ਹਰਿਆਣਾ ਦੇ ਚਾਰ ਵਿਅਕਤੀ ਸ਼ਾਮਲ ਹਨ। ਪੰਜਾਬ ਦੇ ਨਿਰਮਲ ਰਿਸ਼ੀ ਅਤੇ ਪ੍ਰਾਣ ਸੱਭਰਵਾਲ ਨੂੰ ਕਲਾ ਦੇ ਖੇਤਰ ਵਿੱਚ ਬੇਮਿਸਾਲ ਯੋਗਦਾਨ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜਦਕਿ ਹਰਿਆਣਾ ਦੇ ਮਹਾਬੀਰ ਸਿੰਘ ਗੁੱਡੂ ਨੂੰ ਕਲਾ, ਰਾਮ ਚੰਦਰ ਸਿਹਾਗ ਨੂੰ ਵਿਗਿਆਨ ਅਤੇ ਇੰਜਨੀਅਰਿੰਗ, ਗੁਰਵਿੰਦਰ ਸਿੰਘ ਨੂੰ ਸੋਸ਼ਲ ਵਰਕ ਅਤੇ ਹਰੀ ਓਮ ਨੂੰ ਵਿਗਿਆਨ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਲਈ ਚੁਣਿਆ ਗਿਆ ਹੈ। ਅਦਾਕਾਰ ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕਰਕੇ ਨਿਰਮਲ ਰਿਸ਼ੀ ਨੂੰ ਵਧਾਈ ਵੀ ਦਿੱਤੀ ਹੈ।
ਨਿਰਮਲ ਰਿਸ਼ੀ ਨੂੰ ਇਸ ਕਿਰਦਾਰ ਤੋਂ ਮਿਲੀ ਸੀ ਪਹਿਚਾਣ: ਨਿਰਮਲ ਰਿਸ਼ੀ ਪੰਜਾਬੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਨ੍ਹਾਂ ਦੀ ਪਹਿਲੀ ਫਿਲਮ 'ਲੌਂਗ ਦਾ ਲਿਸ਼ਕਾਰਾ' ਸੀ। ਇਸ ਫਿਲਮ 'ਚ ਉਨ੍ਹਾਂ ਵੱਲੋ ਨਿਭਾਏ ਗਏ ਗੁਲਾਬੋ ਮਾਸੀ ਦੇ ਕਿਰਦਾਰ ਨੂੰ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਨਿਰਮਲ ਰਿਸ਼ੀ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਵਿੱਚ 1943 ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਬਲਦੇਵ ਕ੍ਰਿਸ਼ਨ ਰਿਸ਼ੀ ਅਤੇ ਮਾਤਾ ਦਾ ਨਾਂ ਬਚਨੀ ਦੇਵੀ ਸੀ। ਉਨ੍ਹਾਂ ਨੂੰ ਸਕੂਲ ਦੇ ਦਿਨਾਂ ਤੋਂ ਹੀ ਥੀਏਟਰ ਦਾ ਬਹੁਤ ਸ਼ੌਕ ਸੀ। ਉਨ੍ਹਾਂ ਨੇ ਸਰੀਰਕ ਸਿੱਖਿਆ ਇੰਸਟ੍ਰਕਟਰ ਬਣਨ ਦੀ ਚੋਣ ਕੀਤੀ ਅਤੇ ਸਰੀਰਕ ਸਿੱਖਿਆ ਲਈ ਸਰਕਾਰੀ ਕਾਲਜ, ਪਟਿਆਲਾ ਵਿੱਚ ਦਾਖਲਾ ਲਿਆ। ਉਨ੍ਹਾਂ ਨੇ 60 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। 'ਨਿੱਕਾ ਜ਼ੈਲਦਾਰ' ਅਤੇ 'ਦਿ ਗ੍ਰੇਟ ਸਰਦਾਰ' ਵਰਗੀਆਂ ਪੰਜਾਬੀ ਫਿਲਮਾਂ ਨਾਲ ਵੀ ਉਹ ਖੂਬ ਚਰਚਾ 'ਚ ਆਈ।
ਪ੍ਰਾਣ ਸੱਭਰਵਾਲ ਦਾ ਕਰੀਅਰ: ਪ੍ਰਾਣ ਸੱਭਰਵਾਲ ਪੰਜਾਬ ਦੇ ਇੱਕ ਅਨੁਭਵੀ ਅਦਾਕਾਰ ਅਤੇ ਪ੍ਰਸਿੱਧ ਥੀਏਟਰ ਕਲਾਕਾਰ ਹਨ। ਉਨ੍ਹਾਂ ਦਾ ਜਨਮ 1930 'ਚ ਜਲੰਧਰ 'ਚ ਹੋਇਆ ਸੀ। ਜਦੋ ਉਹ ਸਿਰਫ਼ 9 ਸਾਲ ਦੇ ਸੀ, ਉਦੋ ਤੋਂ ਹੀ ਉਨ੍ਹਾਂ ਨੂੰ ਅਦਾਕਾਰੀ 'ਚ ਦਿਲਚਸਪੀ ਹੋ ਗਈ ਸੀ। ਉਹ ਆਪਣੇ ਚਾਚੇ ਅਤੇ ਪਿਤਾ ਦੇ ਨਾਲ ਜਲੰਧਰ 'ਚ ਰਾਮਲੀਲਾ ਦੇਖਣ ਜਾਂਦੇ ਸੀ ਅਤੇ ਤਰੁੰਤ ਉਨ੍ਹਾਂ ਨੂੰ ਥਿਏਟਰ 'ਚ ਰਾਮ ਦੀ ਆਦਾਕਾਰੀ ਨਾਲ ਪਿਆਰ ਹੋ ਗਿਆ। ਅਦਾਕਾਰੀ ਲਈ ਉਨ੍ਹਾਂ ਦਾ ਪਿਆਰ ਉਦੋਂ ਹੋਰ ਡੂੰਘਾ ਹੋ ਗਿਆ, ਜਦੋਂ ਉਹ 1952 ਵਿੱਚ ਮਸ਼ਹੂਰ ਬਾਲੀਵੁੱਡ ਅਦਾਕਾਰ ਪ੍ਰਿਥਵੀਰਾਜ ਕਪੂਰ ਨੂੰ ਮਿਲੇ। ਉਸ ਸਮੇਂ ਪ੍ਰਿਥਵੀਰਾਜ ਕਪੂਰ ਅਦਾਕਾਰੀ ਲਈ ਜਲੰਧਰ ਆਏ ਹੋਏ ਸੀ। ਪ੍ਰਾਣ ਨੇ ਫਿਲਮ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ 1980 ਵਿੱਚ ਰਿਲੀਜ਼ ਹੋਈ ਫਿਲਮ 'ਸਰਦਾਰਾ ਕਰਤਾਰਾ' ਨਾਲ ਕੀਤੀ ਸੀ। ਸਤੰਬਰ 2022 ਵਿੱਚ ਪ੍ਰਾਣ ਸੱਭਰਵਾਲ ਨੂੰ ਕਾਲੀਦਾਸ ਆਡੀਟੋਰੀਅਮ NZCC ਵਿਖੇ ਰਾਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੋਸਾਇਟੀ ਦੁਆਰਾ ਗੁਰੂ ਸਿਖਰ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।