ਚੰਡੀਗੜ੍ਹ: ਟੈਲੀਵਿਜ਼ਨ ਦੀ ਦੁਨੀਆਂ ਵਿੱਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਪ੍ਰਤਿਭਾਵਾਨ ਅਦਾਕਾਰ ਰਮਨਦੀਪ ਸਿੰਘ ਸੁਰ, ਜਿੰਨਾਂ ਨੂੰ ਜੀ ਪੰਜਾਬੀ 'ਤੇ 25 ਮਾਰਚ ਤੋਂ ਆਨ ਏਅਰ ਹੋਣ ਜਾ ਰਹੇ ਅਤੇ ਸ਼ੈਲੀ ਸੁਮਨ ਪ੍ਰੋਡੋਕਸ਼ਨ ਵੱਲੋਂ ਪ੍ਰਸਤੁਤ ਕੀਤੇ ਜਾ ਰਹੇ ਨਵੇਂ ਸੀਰੀਅਲ 'ਸਹਿਜਵੀਰ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਪਰਿਵਾਰਕ-ਡਰਾਮਾ ਡੇਲੀ ਸ਼ੋਪ ਵਿੱਚ ਕਾਫੀ ਪ੍ਰਭਾਵੀ ਅਤੇ ਮੇਨ ਕਿਰਦਾਰ ਨਿਭਾਉਂਦੇ ਨਜ਼ਰੀ ਆਉਣਗੇ।
ਜੀ ਪੰਜਾਬੀ, ਸ਼ੈਲੀ ਸੁਮਨ, ਸੁਮਨ ਗੋਇਲ ਵੱਲੋਂ ਨਿਰਮਿਤ ਕੀਤੇ ਜਾ ਰਹੇ ਅਤੇ ਪ੍ਰਵੀਨ ਪੂਨੀਆ ਦੁਆਰਾ ਨਿਰਦੇਸ਼ਿਤ ਕੀਤੇ ਇਸ ਨਵੀਨਤਮ ਸ਼ੋਅ ਵਿੱਚ ਐਕਸ਼ਨ ਥ੍ਰਿਲਰ ਦਾ ਵੀ ਭਰਵਾ ਸੁਮੇਲ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿੱਚ ਪ੍ਰਤਿਭਾਸ਼ਾਲੀ ਅਦਾਕਾਰਾ ਜਸਮੀਤ ਕੌਰ ਗੇਗਰੀ ਤੋਂ ਇਲਾਵਾ ਉਜਾਲਾ ਬਭੋਰਿਆ, ਰੋਬਿਨ ਦਦਵਾਲ ਆਦਿ ਜਿਹੇ ਬਿਹਤਰੀਨ ਐਕਟਰਜ਼ ਵੀ ਲੀਡਿੰਗ ਭੂਮਿਕਾਵਾਂ ਪਲੇ ਕਰ ਰਹੇ ਹਨ।
ਉਨਾਂ ਦੇ ਨਾਲ ਹੀ ਮੇਨ ਲੀਡ ਰੋਲ ਵਿੱਚ ਅਪਣੀ ਉਮਦਾ ਕਲਾ ਦਾ ਇੱਕ ਵਾਰ ਫਿਰ ਸ਼ਾਨਦਾਰ ਮੁਜ਼ਾਹਰਾ ਕਰੇਗਾ ਰਮਨਦੀਪ ਸਿੰਘ ਸੁਰ, ਜੋ ਕਬੀਰ ਨਾਮਕ ਅਜਿਹੇ ਅੰਡਰ ਕਵਰ ਏਜੰਟ ਦੇ ਕਿਰਦਾਰ ਵਿੱਚ ਵਿਖਾਈ ਦੇਵੇਗਾ, ਜਿਸ ਨੂੰ ਸਹਿਜਵੀਰ ਦੀ ਢਾਲ ਬਣਦਿਆਂ ਕਾਫ਼ੀ ਚੁਣੌਤੀ ਪੂਰਨ ਹਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਕਤ ਅਤਿ ਪ੍ਰਭਾਵੀ ਕਿਰਦਾਰ ਨਾਲ ਇੱਕ ਹੋਰ ਨਵੇਂ ਅਧਿਆਏ ਵੱਲ ਵਧੇ ਇਸ ਹੋਣਹਾਰ ਅਦਾਕਾਰ ਨੇ ਦੱਸਿਆ ਕਿ 'ਸਹਿਜਵੀਰ' ਵਿੱਚ ਮੁੱਖ ਭੂਮਿਕਾ ਨਿਭਾਉਣਾ ਇੱਕ ਸੰਪੂਰਨ ਅਤੇ ਚੁਣੌਤੀਪੂਰਨ ਅਨੁਭਵ ਹੈ। ਉਮੀਦ ਕਰਦਾ ਹਾਂ ਕਿ ਪਹਿਲੇ ਪ੍ਰੋਜੈਕਟਸ ਦੀ ਤਰ੍ਹਾਂ ਇਸ ਸੀਰੀਅਲ ਵਿੱਚ ਨਿਭਾਈ ਭੂਮਿਕਾ ਨੂੰ ਦਰਸ਼ਕਾਂ ਅਤੇ ਚਾਹੁੰਣ ਵਾਲਿਆਂ ਦਾ ਭਰਪੂਰ ਪਿਆਰ ਮਿਲੇਗਾ।
ਮੂਲ ਰੂਪ ਵਿੱਚ ਦੁਆਬੇ ਦੇ ਸ਼ਹਿਰ ਫਗਵਾੜਾ ਨਾਲ ਸੰਬੰਧਿਤ ਇਸ ਬਹੁਪੱਖੀ ਅਦਾਕਾਰ ਦੇ ਹਾਲੀਆ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਵੱਲੋਂ ਹਾਲ ਹੀ ਵਿੱਚ ਕੀਤੇ ਸੀਰੀਅਲਜ਼ 'ਸਵਰਨ ਘਰ', 'ਸਾਂਝਾ ਸੁਫਨਾ', 'ਉਡਾਰੀਆਂ' ਅਤੇ ਪੀਟੀਸੀ ਕ੍ਰਾਈਮ ਸੀਰੀਜ਼ 'ਖਬਰਦਾਰ' ਨੇ ਵੀ ਉਨਾਂ ਦੀ ਪਹਿਚਾਣ ਦਾਇਰਾ ਕਰਨ ਵਿੱਚ ਇਜ਼ਾਫਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
'ਡਰਾਮੀਯਾਤਾ ਫਿਲਮਜ਼' ਅਤੇ 'ਪ੍ਰੋਡੋਕਸ਼ਨਜ' ਅਤੇ ਸਰਗੁਣ ਮਹਿਤਾ ਵੱਲੋਂ ਨਿਰਮਿਤ ਕੀਤੇ ਗਏ ਇਸ ਸੀਰੀਅਲ ਵਿੱਚ ਉਨਾਂ ਵੱਲੋਂ ਨਿਭਾਈ ਜੱਗੀ ਦੀ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਸੰਦ ਕੀਤਾ ਗਿਆ, ਉਪਰੰਤ ਪੜਾਅ ਦਰ ਪੜਾਅ ਨਵੇਂ ਦਿਸਹਿੱਦੇ ਸਿਰਜਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਇਸ ਡੈਸ਼ਿੰਗ ਅਦਾਕਾਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਟੀਵੀ ਜਗਤ ਦੇ ਨਾਲ-ਨਾਲ ਪੰਜਾਬੀ ਅਤੇ ਹਿੰਦੀ ਸਿਨੇਮਾ ਵਿੱਚ ਕਾਫ਼ੀ ਕੁਝ ਖਾਸ ਕਰਨ ਜਾ ਰਿਹਾ ਹਾਂ, ਜਿਸ ਦੇ ਮੱਦੇਨਜ਼ਰ ਹੀ ਸਾਹਮਣੇ ਆਵੇਗੀ ਵੈੱਬ ਸੀਰੀਜ਼ 'ਝੁੰਗੀਆਂ ਰੋਡ', ਜਿਸ ਵਿੱਚ ਵੀ ਬਹੁਤ ਹੀ ਅਲਹਦਾ ਰੂਪ ਵਿੱਚ ਦਰਸ਼ਕਾਂ ਦੇ ਸਨਮੁੱਖ ਹੋਵਾਂਗਾ।