ਮੁੰਬਈ (ਬਿਊਰੋ): ਅਦਾਕਾਰਾ ਸਵਰਾ ਭਾਸਕਰ ਦੇ ਰਾਜਨੀਤੀ 'ਚ ਐਂਟਰੀ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਰਿਪੋਰਟਾਂ ਮੁਤਾਬਕ ਉਹ 2024 ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਸਪਾ ਉਮੀਦਵਾਰ ਵਜੋਂ ਲੜ ਸਕਦੀ ਹੈ। 'ਤਨੂ ਵੈਡਸ ਮਨੂ' ਅਤੇ 'ਪ੍ਰੇਮ ਰਤਨ ਧਨ ਪਾਏ ਓ' ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਸਵਰਾ ਭਾਸਕਰ ਸਮਾਜਵਾਦੀ ਪਾਰਟੀ (ਸਪਾ) ਦੀ ਟਿਕਟ 'ਤੇ ਮੁੰਬਰਾ ਕਾਲਵਾ ਹਲਕੇ ਤੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਮਹਾਰਾਸ਼ਟਰ ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਵਿਧਾਇਕ ਅਬੂ ਆਸਿਮ ਆਜ਼ਮੀ ਨੇ ਹਾਲ ਹੀ ਵਿੱਚ ਇਸ ਮਾਮਲੇ ਨੂੰ ਲੈ ਕੇ ਕੁਝ ਸੰਕੇਤ ਦਿੱਤੇ ਹਨ। ਵਰਤਮਾਨ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਸੀਨੀਅਰ ਨੇਤਾ ਜਿਤੇਂਦਰ ਅਵਧ ਠਾਣੇ ਜ਼ਿਲ੍ਹੇ ਦੇ ਕਾਲਵਾ ਮੁੰਬਰਾ ਹਲਕੇ ਤੋਂ ਵਿਧਾਇਕ ਹਨ।
ਹਾਲਾਂਕਿ ਸਵਰਾ ਦੇ ਪਤੀ ਅਤੇ ਸਪਾ ਨੇਤਾ ਫਹਾਦ ਅਹਿਮਦ ਨੇ ਕਿਹਾ, 'ਮੈਂ ਇਸ ਬਾਰੇ ਫਿਲਹਾਲ ਕੁਝ ਨਹੀਂ ਕਹਿ ਸਕਦਾ, ਪਾਰਟੀ ਪ੍ਰਧਾਨ (ਅਖਿਲੇਸ਼ ਯਾਦਵ) ਜੋ ਵੀ ਆਦੇਸ਼ ਦੇਣਗੇ ਮੈਂ ਉਸ ਦੀ ਪਾਲਣਾ ਕਰਾਂਗਾ। ਮੈਂ ਉਸ ਹਲਕੇ ਤੋਂ ਚੋਣ ਲੜਾਂਗਾ ਜਿੱਥੋਂ ਮੇਰੀ ਪਾਰਟੀ ਦੇ ਸੂਬਾ ਪ੍ਰਧਾਨ ਮੈਨੂੰ ਚੋਣ ਲੜਨ ਲਈ ਕਹਿਣਗੇ। ਮੈਂ ਇਸ ਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ। ਮੇਰੀ ਪਤਨੀ ਸਵਰਾ ਇਸ ਸਮੇਂ ਰਾਜਨੀਤੀ ਵਿੱਚ ਨਹੀਂ ਹੈ। ਇਸ ਲਈ ਮੈਂ ਉਸ ਬਾਰੇ ਫਿਲਹਾਲ ਕੁਝ ਨਹੀਂ ਕਹਿ ਸਕਦਾ। ਫਹਾਦ ਅਹਿਮਦ ਸਮਾਜਵਾਦੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਹਨ।' ਮਹਾਰਾਸ਼ਟਰ 'ਚ ਸਪਾ ਮਹਾ ਵਿਕਾਸ ਅਗਾੜੀ ਦੇ ਨਾਲ ਹੈ।
ਦਿੱਲੀ 'ਚ ਜਨਮੀ 36 ਸਾਲਾਂ ਸਵਰਾ ਭਾਸਕਰ ਸਮਾਜਿਕ ਅਤੇ ਸਿਆਸੀ ਮਾਮਲਿਆਂ 'ਤੇ ਆਪਣੀ ਰਾਏ ਜ਼ਾਹਰ ਕਰਦੀ ਰਹਿੰਦੀ ਹੈ। ਇਸ ਦੌਰਾਨ ਅਬੂ ਆਜ਼ਮੀ ਨੇ ਮੰਗ ਕੀਤੀ ਹੈ ਕਿ ਸਪਾ ਨੂੰ ਇਸ ਸੀਟ ਵੰਡ 'ਚ ਉਸ ਦਾ ਬਣਦਾ ਹਿੱਸਾ ਮਿਲਣਾ ਚਾਹੀਦਾ ਹੈ ਅਤੇ ਜੇਕਰ ਅਜਿਹਾ ਨਹੀਂ ਹੋਇਆ ਤਾਂ ਸਪਾ ਆਪਣੇ ਬਲਬੂਤੇ 'ਤੇ ਚੋਣ ਲੜੇਗੀ।