ਮੁੰਬਈ: 'ਪੀਕੇ', 'ਰਾਬਤਾ' ਅਤੇ 'ਐੱਮ ਧੋਨੀ-ਅਨਟੋਲਡ ਸਟੋਰੀ' ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰਕ ਮੈਂਬਰ ਅਜੇ ਵੀ ਇਨਸਾਫ਼ ਦੀ ਤਲਾਸ਼ ਕਰ ਰਹੇ ਹਨ। 14 ਜੂਨ 2020 ਨੂੰ ਸੁਸ਼ਾਂਤ ਆਪਣੇ ਮੁੰਬਈ ਸਥਿਤ ਘਰ ਵਿੱਚ ਮ੍ਰਿਤਕ ਪਾਇਆ ਗਿਆ। ਸੁਸ਼ਾਂਤ ਦੇ ਅਚਾਨਕ ਦੇਹਾਂਤ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਸਦਮੇ 'ਚ ਹਨ। ਸੁਸ਼ਾਂਤ ਦੀ ਮੌਤ ਕਾਰਨ ਬਾਲੀਵੁੱਡ ਪੂਰੀ ਤਰ੍ਹਾਂ ਲੋਕਾਂ ਦੀਆਂ ਨਜ਼ਰਾਂ 'ਚ ਡਿੱਗ ਗਿਆ ਸੀ ਅਤੇ ਸੁਸ਼ਾਂਤ ਦੇ ਪ੍ਰਸ਼ੰਸਕਾਂ ਨੇ ਸਾਰੇ ਸਿਤਾਰਿਆਂ 'ਤੇ ਭਾਈ-ਭਤੀਜਾਵਾਦ ਦਾ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਸੀ।
ਉਦੋਂ ਤੋਂ ਅੱਜ ਤੱਕ ਸੁਸ਼ਾਂਤ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਹੈ। ਹਾਲਾਂਕਿ ਪਿਛਲੇ 4 ਸਾਲਾਂ ਤੋਂ ਅਦਾਕਾਰ ਦਾ ਪਰਿਵਾਰ ਇਨਸਾਫ ਲਈ ਇਧਰ-ਉਧਰ ਭਟਕ ਰਿਹਾ ਹੈ। ਹੁਣ ਅਦਾਕਾਰ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਅੱਜ 14 ਮਾਰਚ ਨੂੰ ਸੋਸ਼ਲ ਮੀਡੀਆ 'ਤੇ ਆ ਕੇ ਪੀਐਮ ਮੋਦੀ ਤੋਂ ਇਨਸਾਫ ਦੀ ਅਪੀਲ ਕੀਤੀ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਪੀਐਮ ਮੋਦੀ ਨੂੰ ਇਨਸਾਫ ਦੀ ਕੀਤੀ ਅਪੀਲ: ਸ਼ਵੇਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ 'ਚ ਉਹ ਕਾਲੇ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਮੇਰੇ ਭਰਾ ਦੇ ਦੇਹਾਂਤ ਨੂੰ 45 ਮਹੀਨੇ ਹੋ ਗਏ ਹਨ ਅਤੇ ਅਸੀਂ ਅਜੇ ਵੀ ਜਵਾਬ ਲੱਭ ਰਹੇ ਹਾਂ, ਪੀਐੱਮ ਮੋਦੀ ਜੀ ਕਿਰਪਾ ਕਰਕੇ ਸਾਡੀ ਮਦਦ ਕਰੋ ਅਤੇ ਇਹ ਪਤਾ ਲਗਾਓ ਕਿ ਸੀਬੀਆਈ ਇਸ ਜਾਂਚ 'ਚ ਕਿਸ ਹੱਦ ਤੱਕ ਪਹੁੰਚੀ ਹੈ। ਸੁਸ਼ਾਂਤ ਲਈ ਇਨਸਾਫ਼ ਬਾਕੀ ਹੈ।'
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਯੂਟਿਊਬਰ ਰਣਵੀਰ ਇਲਾਹਾਬਾਦੀਆ ਦੇ ਪੋਡਕਾਸਟ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ। ਉੱਥੇ ਹੀ ਸ਼ਵੇਤਾ ਨੇ ਸੀਬੀਆਈ ਜਾਂਚ ਦੀ ਪ੍ਰਗਤੀ ਰਿਪੋਰਟ ਬਾਰੇ ਗੱਲ ਕੀਤੀ। ਵੀਡੀਓ ਵਿੱਚ ਸ਼ਵੇਤਾ ਆਪਣੇ ਭਰਾ ਨੂੰ ਇਨਸਾਫ ਨਾ ਮਿਲਣ 'ਤੇ ਨਿਰਾਸ਼ ਨਜ਼ਰ ਆਈ ਸੀ।