ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਛੋਟੇ ਪਰਦੇ ਦੀ ਦੁਨੀਆਂ ਵਿੱਚ ਮਜ਼ਬੂਤ ਪੈੜਾਂ ਸਥਾਪਿਤ ਕਰ ਚੁੱਕੇ ਹਨ ਸਟੈਂਡਅੱਪ-ਕਾਮੇਡੀਅਨ-ਹੋਸਟ ਅਤੇ ਲੇਖਕ ਬਲਰਾਜ ਸਿਆਲ, ਜੋ ਬਤੌਰ ਨਿਰਦੇਸ਼ਕ ਨਵੀਂ ਸਿਨੇਮਾ ਪਾਰੀ ਵੱਲ ਵਧਣ ਜਾ ਰਹੇ ਹਨ, ਜਿੰਨਾਂ ਦੀ ਨਿਰਦੇਸ਼ਤ ਕੀਤੀ ਪਹਿਲੀ ਫਿਲਮ 'ਆਪਣੇ ਘਰ ਬੇਗਾਨੇ' 12 ਜੁਲਾਈ ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਹੈ।
'ਜੀਐਫਐਮ' ਅਤੇ 'ਰਿਵਾਜਿੰਗ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਮਾਣ ਨਿਰਮਾਤਾ ਪਰਮਜੀਤ ਸਿੰਘ, ਰਵਿਸ਼ ਅਬਰੋਲ, ਅਕਾਸ਼ਦੀਪ ਚਾਲੀ, ਗਗਨਦੀਪ ਚਾਲੀ ਅਤੇ ਕਾਜਲ ਚਾਲੀ ਦੁਆਰਾ ਕੀਤਾ ਗਿਆ ਹੈ, ਜਦਕਿ ਇਸ ਦੇ ਕ੍ਰਿਏਟਿਵ ਡਾਇਰੈਕਟਰ ਵਜੋਂ ਜਿੰਮੇਵਾਰੀ ਦਵਿੰਦਰ ਸਿੰਘ ਵੱਲੋਂ ਸੰਭਾਲੀ ਗਈ ਹੈ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਪੰਜਾਬੀ ਫਿਲਮਾਂ ਨੂੰ ਬਿਹਤਰੀਨ ਅਤੇ ਰਚਨਾਤਮਕ ਮੁਹਾਦਰਾਂ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਕੈਨੇਡਾ ਅਤੇ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਜ਼ ਉਪਰ ਫਿਲਮਾਈ ਗਈ ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਯੋਗਰਾਜ ਸਿੰਘ, ਰਾਣਾ ਰਣਬੀਰ, ਰੋਸ਼ਨ ਪ੍ਰਿੰਸ, ਕੁਲਰਾਜ ਰੰਧਾਵਾ, ਸੁਖਵਿੰਦਰ ਰਾਜ, ਪ੍ਰੀਤ ਔਜਲਾ, ਹਰਮਨ ਆਦਿ ਲੀਡਿੰਗ ਕਿਰਦਾਰ ਅਦਾ ਕਰ ਰਹੇ, ਜਿੰਨਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਹੋਰ ਨਵੇਂ ਅਤੇ ਪੁਰਾਣੇ ਚਿਹਰੇ ਵੀ ਇਸ ਵਿੱਚ ਪ੍ਰਭਾਵੀ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ।
ਮੂਲ ਰੂਪ ਵਿੱਚ ਪੰਜਾਬ ਦੇ ਦੁਆਬੇ ਜ਼ਿਲੇ ਜਲੰਧਰ ਨਾਲ ਸੰਬੰਧਿਤ ਅਤੇ ਬਹੁ-ਆਯਾਮੀ ਸਿਨੇਮਾ ਸ਼ਖਸ਼ੀਅਤ ਵਜੋਂ ਚੋਖੀ ਭੱਲ ਰੱਖਦੇ ਬਲਰਾਜ ਸਿਆਲ ਦੇ ਸਿਨੇਮਾ ਅਤੇ ਟੀਵੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਬਤੌਰ ਲੇਖਕ ਕਈ ਵੱਡੀਆਂ, ਚਰਚਿਤ ਅਤੇ ਸਫ਼ਲ ਫਿਲਮਾਂ ਲਿਖਣ ਦਾ ਮਾਣ ਵੀ ਉਨਾਂ ਹਾਸਿਲ ਕੀਤਾ ਹੈ, ਜਿੰਨਾਂ ਵਿੱਚ ਦਿਲਜੀਤ ਦੁਸਾਂਝ ਦੀ 'ਅੰਬਰਸਰੀਆ', ਗਿੱਪੀ ਗਰੇਵਾਲ ਸਟਾਰਰ 'ਕਪਤਾਨ' ਆਦਿ ਸ਼ੁਮਾਰ ਰਹੀਆਂ ਹਨ।
ਇਸ ਤੋਂ ਇਲਾਵਾ ਉਨਾਂ ਵੱਲੋ ਲਿਖੇ ਅਤੇ ਹੋਸਟ ਕੀਤੇ 'ਕੋਰਨਟਾਈਨ', 'ਅਪਣਾ ਨਿਊਜ਼ ਆਏਗਾ', 'ਇੰਟਰਟੇਨਮੈਂਟ ਕੀ ਰਾਤ', 'ਕਾਮੇਡੀ ਸਰਕਸ', 'ਕਾਮੇਡੀ ਕਲਾਸਿਸ' ਆਦਿ ਜਿਹੇ ਕਈ ਟੀਵੀ ਸੋਅਜ਼ ਵੀ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰ ਚੁੱਕੇ ਹਨ।
ਪਾਲੀਵੁੱਡ ਤੋਂ ਲੈ ਕੇ ਮੁੰਬਈ ਗਲਿਆਰਿਆਂ ਤੱਕ ਆਪਣੀ ਕਾਬਲੀਅਤ ਦੀ ਧਾਂਕ ਜਮਾਉਣ ਵਾਲੇ ਇਸ ਹੋਣਹਾਰ ਨੌਜਵਾਨ ਨਾਲ ਉਨਾਂ ਦੇ ਪਲੇਠੇ ਡਾਇਰੈਕਟੋਰੀਅਲ ਪ੍ਰੋਜੈਕਟ ਬਾਰੇ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਪੰਜਾਬੀਅਤ ਕਦਰਾਂ ਕੀਮਤਾਂ ਦੀ ਤਰਜ਼ਮਾਨੀ ਕਰਦੀ ਇਹ ਫਿਲਮ ਪਰਿਵਾਰਿਕ ਡਰਾਮਾ ਥੀਮ ਆਧਾਰਿਤ ਹੈ, ਜਿਸ ਵਿੱਚ ਟੁੱਟਦੇ ਅਤੇ ਤਿੜਕਦੇ ਜਾ ਰਹੇ ਆਪਸੀ ਰਿਸ਼ਤਿਆਂ ਦਾ ਦਿਲ ਟੁੰਬਵਾਂ ਵਰਣਨ ਕੀਤਾ ਗਿਆ ਹੈ, ਜਿਸ ਨੂੰ ਹਰ ਪਰਿਵਾਰ ਇਕੱਠਿਆਂ ਬੈਠ ਵੇਖਣਾ ਪਸੰਦ ਕਰੇਗਾ।
ਉਨਾਂ ਦੱਸਿਆ ਕਿ ਇਸ ਫਿਲਮ ਦੇ ਹਰ ਪੱਖ 'ਤੇ ਬਹੁਤ ਹੀ ਮਿਹਨਤ ਕੀਤੀ ਗਈ ਹੈ ਅਤੇ ਉਮੀਦ ਕਰਦਾ ਹਾਂ ਕਿ ਇਹ ਫਿਲਮ ਪੰਜਾਬੀ ਸਿਨੇਮਾ ਦੇ ਮਾਣ ਵਿੱਚ ਹੋਰ ਵਾਧਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ।