ਚਾਰ ਸਾਲ ਦੀ ਉਮਰ 'ਚ ਕੀਤਾ ਡੈਬਿਊ, ਜਾਣੋ 'ਪ੍ਰਿੰਸ ਆਫ਼ ਟਾਲੀਵੁੱਡ' ਬਾਰੇ ਕੁਝ ਦਿਲਚਸਪ ਗੱਲਾਂ - Happy Bday Mahesh Babu - HAPPY BDAY MAHESH BABU
HBD Mahesh Babu : 'ਪ੍ਰਿੰਸ ਆਫ਼ ਟਾਲੀਵੁੱਡ' ਤੋਂ ਮਸ਼ਹੂਰ ਸਾਊਥ ਸੁਪਰਸਟਾਰ ਮਹੇਸ਼ ਬਾਬੂ ਅੱਜ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ। ਮਹੇਸ਼ ਬਾਬੂ ਨੇ ਮਹਿਜ਼ 4 ਸਾਲ ਦੀ ਉਮਰ ਤੋਂ ਹੀ ਐਕਟਿੰਗ ਵਿੱਚ ਡੈਬਿਊ ਕੀਤਾ ਤੇ ਹੁਣ ਤੱਕ ਕਈ ਹਿੱਟ ਫਿਲਮਾਂ ਨਾਲ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਜਾਣਾਂਗੇ, ਉਨ੍ਹਾਂ ਬਾਰੇ ਕੁਝ ਖਾਸ ਗੱਲਾਂ, ਪੜ੍ਹੋ ਪੂਰੀ ਖ਼ਬਰ।
By ETV Bharat Entertainment Team
Published : Aug 9, 2024, 7:58 AM IST
|Updated : Aug 9, 2024, 9:03 AM IST
ਹੈਦਰਾਬਾਦ ਡੈਸਕ: ਸਾਊਥ ਸੁਪਰਸਟਾਰ ਮਹੇਸ਼ ਬਾਬੂ ਅੱਜ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ। ਮਹੇਸ਼ ਦਾ ਜਨਮ ਚੇਨਈ ਵਿੱਚ ਹੋਇਆ। ਮਹੇਸ਼ ਬਾਬੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ 'ਤੇ ਕੀਤੀ ਸੀ। ਉਹ ਤਿਰੂਪਤੀ ਬਾਲਾਜੀ ਦੇ ਸ਼ਰਧਾਲੂ ਹਨ ਅਤੇ ਸਾਦਗੀ ਨਾਲ ਆਪਣਾ ਜੀਵਨ ਬਤੀਤ ਕਰਦੇ ਹਨ। ਇਸ ਸਮੇਂ ਉਹ ਸਾਊਥ ਇੰਡਸਟਰੀ ਦੇ ਸੁਪਰ ਸਟਾਰ ਹਨ, ਜਿਨ੍ਹਾਂ ਦੇ ਫੈਨ ਮਿਲੀਅਨਜ਼ ਵਿੱਚ ਹਨ।
ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਦਿਲਚਸਪ ਗੱਲਾਂ:-
ਕਰੀਅਰ ਦੀ ਸ਼ੁਰੂਆਤ: ਮਹੇਸ਼ ਬਾਬੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਉਨ੍ਹਾਂ ਨੇ 1988-1990 ਦਰਮਿਆਨ ਕਈ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ। ਇਨ੍ਹਾਂ 'ਚ 'ਮੁਗਗੁਰੂ ਕੋਡੂਕੁਲੂ', 'ਗੁਡਾਚਾਰੀ 117', 'ਕੋਡੂਕੁ ਡਿਦੀਨਾ ਕਪੂਰਮ' ਅਤੇ 'ਅੰਨਾ ਥੰਮੂਡੂ' ਵਰਗੀਆਂ ਫਿਲਮਾਂ ਸ਼ਾਮਲ ਹਨ।
ਇਸ ਕੰਮ ਵਿੱਚ ਵੀ ਮਾਹਿਰ: ਅਦਾਕਾਰੀ ਦੇ ਨਾਲ-ਨਾਲ ਮਹੇਸ਼ ਬਾਬੂ ਫਿਲਮ ਨਿਰਮਾਣ ਦੀ ਦੁਨੀਆ 'ਚ ਵੀ ਸਰਗਰਮ ਹਨ। ਇੱਕ ਮਹਾਨ ਅਭਿਨੇਤਾ ਹੋਣ ਦੇ ਨਾਲ, ਉਹ ਇੱਕ ਸ਼ਾਨਦਾਰ ਨਿਰਦੇਸ਼ਕ ਅਤੇ ਨਿਰਮਾਤਾ ਵੀ ਹੈ। ਉਨ੍ਹਾਂ ਦਾ ਮਹੇਸ਼ ਬਾਬੂ ਐਂਟਰਟੇਨਮੈਂਟ ਨਾਂ ਦਾ ਪ੍ਰੋਡਕਸ਼ਨ ਹਾਊਸ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਮਹੇਸ਼ ਬਾਬੂ ਨੇ ਅਦਾਕਾਰੀ ਤੋਂ ਇਲਾਵਾ ਗਾਇਕੀ ਵਿੱਚ ਵੀ ਹੱਥ ਅਜ਼ਮਾਇਆ ਹੈ। ਮਹੇਸ਼ ਨੇ 'ਜਲਸਾ' ਅਤੇ 'ਬਾਦਸ਼ਾਹ' ਫਿਲਮਾਂ ਲਈ ਆਪਣੀ ਆਵਾਜ਼ ਦਿੱਤੀ ਅਤੇ ਆਪਣੀ ਹਿੱਟ ਫਿਲਮ 'ਬਿਜ਼ਨਸਮੈਨ' ਲਈ ਵੀ ਗੀਤ ਗਾਇਆ।
ਫਿਲਮ ਤੋਂ ਪ੍ਰੇਰਿਤ ਹੋ ਕੇ ਗੋਦ ਲਏ 2 ਪਿੰਡ: ਮਹੇਸ਼ ਬਾਬੂ ਨੇ ਆਪਣੀ ਫਿਲਮ 'ਸ਼੍ਰੀਮੰਥੁਡੂ' ਤੋਂ ਪ੍ਰੇਰਿਤ ਹੋ ਕੇ ਤੇਲੰਗਾਨਾ ਦੇ ਸਿੱਧਪੁਰਮ ਅਤੇ ਆਂਧਰਾ ਪ੍ਰਦੇਸ਼ ਦੇ ਬੁਰੀਪਾਲੇਮ ਨਾਮ ਦੇ ਦੋ ਪਿੰਡਾਂ ਨੂੰ ਗੋਦ ਲਿਆ।
ਦਿਲ ਦੇ ਓਪਰੇਸ਼ਨ ਲਈ ਕਰਦੇ ਮਦਦ: ਮਹੇਸ਼ ਬਾਬੂ ਨੇ ਦਿਲ ਦੀ ਸਰਜਰੀ ਲਈ 1,000 ਤੋਂ ਵੱਧ ਬੱਚਿਆਂ ਦੀ ਮਦਦ ਕੀਤੀ ਹੈ। ਉਹ ਆਪਣੀ ਕਮਾਈ ਦਾ 30% ਸਮਾਜ ਸੇਵਾ ਵਿੱਚ ਖ਼ਰਚ ਕਰਦੇ ਹਨ, ਜੋ ਸਮਾਜ ਪ੍ਰਤੀ ਉਨ੍ਹਾਂ ਦੀ ਦਿਆਲਤਾ ਅਤੇ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ।
ਪਰਿਵਾਰ ਨਾਲ ਬਿਤਾਉਂਦੇ ਵਧ ਸਮਾਂ: ਮਹੇਸ਼ ਬਾਬੂ ਨੂੰ ਜ਼ਿਆਦਾਤਰ ਕੰਮ ਤੋਂ ਬਾਅਦ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦੇ ਹੋਏ ਦੇਖਿਆ ਜਾਂਦਾ ਹੈ। ਅਕਸਰ ਹੀ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਦੀਆਂ ਫੋਟੋਆਂ ਸਾਂਝੀਆਂ ਕਰਦੇ ਹਨ। ਉਹ ਆਪਣੀ ਪਤਨੀ ਨਮਰਤਾ, ਧੀ ਸਿਤਾਰਾ ਤੇ ਪੁੱਤਰ ਗੌਤਮ ਨਾਲ ਕਾਫੀ ਫੋਟੋਆਂ ਸ਼ੇਅਰ ਕੀਤੀਆਂ ਹਨ।
ਮਿਸ ਇੰਡੀਆਂ ਰਹਿ ਚੁੱਕੀ ਹੈ ਮਹੇਸ਼ ਬਾਬੂ ਦੀ ਪਤਨੀ : ਮਹੇਸ਼ ਬਾਬੂ ਦੀ ਪਤਨੀ ਦਾ ਨਾਮ ਨਮਰਤਾ ਸ਼ਿਰੋਡਕਰ ਹੈ, ਜੋ ਕਿ ਮਹੇਸ਼ ਬਾਬੂ ਤੋਂ ਤਿੰਨ ਸਾਲ ਵੱਡੀ ਹੈ। ਨਮਰਤਾ ਸਾਲ 1993 ਵਿੱਚ ਫੇਮਿਨਾ ਮਿਸ ਇੰਡੀਆ ਰਹਿ ਚੁੱਕੀ ਹੈ। ਉਨ੍ਹਾਂ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਓਪੋਜ਼ਿਟ 'ਜਬ ਪਿਆਰ ਕਿਸੀ ਸੇ ਹੋਤਾ ਹੈ' ਨਾਲ ਡੈਬਿਊ ਕੀਤਾ ਸੀ, ਪਰ ਵਿਆਹ ਤੋਂ ਬਾਅਦ ਨਮਰਤਾ ਨੇ ਫਿਲਮਾਂ ਵਿੱਚ ਕੰਮ ਕਰਨਾ ਛੱਡ ਦਿੱਤਾ।
ਮਹੇਸ਼ ਬਾਬੂ ਨੂੰ ਸਨਮਾਨ ਤੇ ਐਵਾਰਡ : ਮਹੇਸ਼ ਬਾਬੂ ਦੂਜੇ ਦੱਖਣ ਭਾਰਤੀ ਸਿਤਾਰੇ ਹਨ, ਜਿਨ੍ਹਾਂ ਦਾ ਬੁੱਤ ਮੈਡਮ ਤੁਸਾਦ, ਸਿੰਗਾਪੁਰ ਵਿੱਚ ਬਣਾਇਆ ਗਿਆ ਹੈ। ਆਪਣੀ ਅਦਾਕਾਰੀ ਲਈ, ਮਹੇਸ਼ ਬਾਬੂ ਨੇ 8 ਨੰਦੀ ਐਵਾਰਡ, 5 ਫਿਲਮਫੇਅਰ ਸਾਊਥ ਐਵਾਰਡ, 4 ਸਾਊਥ ਇੰਡੀਅਨ ਇੰਟਰਨੈਸ਼ਨਲ ਮੂਵੀ ਐਵਾਰਡ, 3 ਸਿਨੇਮਾ ਐਵਾਰਡ ਅਤੇ 1 ਆਈਫਾ ਉਤਸਵ ਐਵਾਰਡ ਜਿੱਤੇ ਹਨ। ਮਹੇਸ਼ ਬਾਬੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ 'ਗੁੰਟੂਰ ਕਰਮ' 'ਚ ਨਜ਼ਰ ਆਏ । ਇਹ ਫਿਲਮ OTT ਪਲੇਟਫਾਰਮ Netflix 'ਤੇ ਵੀ ਆ ਚੁੱਕੀ ਹੈ।