ਚੰਡੀਗੜ੍ਹ: ਸਾਲ 1987 ਦੇ ਦਹਾਕਿਆਂ ਦੌਰਾਨ ਸੰਗੀਤਕ ਖੇਤਰ ਦੇ ਬਾਦਸ਼ਾਹ ਬਣ ਉਭਰੇ ਸਨ ਗਾਇਕ ਸੁਖਵਿੰਦਰ ਪੰਛੀ, ਜਿੰਨਾਂ ਦੇ ਗਾਏ ਅਤੇ ਸਾਲ 1990 ਵਿੱਚ ਸਾਹਮਣੇ ਆਏ ਗਾਣੇ 'ਛੱਲੇ ਮੁੰਦੀਆਂ' ਨੇ ਉਨਾਂ ਦੀ ਗੁੱਡੀ ਐਸੀ ਅਸਮਾਨੀ ਚਾੜੀ ਕਿ ਲੰਮੇ ਸਮੇਂ ਤੱਕ ਕੋਈ ਸਮਕਾਲੀਨ ਗਾਇਕ ਉਨਾਂ ਨੂੰ ਕੱਟ ਨਹੀਂ ਸਕਿਆ।
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਲਗਭਗ ਚਾਰ ਦਸ਼ਕਾਂ ਤੋਂ ਲੋਕਮਨਾਂ ਵਿੱਚ ਆਪਣਾ ਅਸਰ ਕਾਇਮ ਰੱਖਦਾ ਆ ਰਿਹਾ ਇਹ ਬਾਕਮਾਲ ਗਾਇਕ ਇੱਕ ਵਾਰ ਫਿਰ ਇਸ ਖਿੱਤੇ ਵਿੱਚ ਸ਼ਾਨਦਾਰ ਵਾਪਸੀ ਲਈ ਤਿਆਰ ਹੈ, ਜੋ ਅਪਣਾ ਨਵਾਂ ਗਾਣਾ ਭਾਨੀਮਾਰ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣਗੇ, ਜਿੰਨਾਂ ਦਾ ਗਾਇਆ ਇਹ ਇੱਕ ਹੋਰ ਵਿਲੱਖਣ ਗੀਤ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।
'ਐਸਪੀ ਟਰੈਕ' ਵੱਲੋਂ ਸੰਗੀਤ ਮਾਰਕੀਟ ਵਿੱਚ ਅਗਲੇ ਦਿਨੀਂ ਵੱਡੇ ਪੱਧਰ ਉੱਪਰ ਜਾਰੀ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ ਸੁਖਵਿੰਦਰ ਪੰਛੀ ਨੇ ਦਿੱਤੀ ਹੈ ਜਦਕਿ ਇਸ ਦੇ ਬੋਲ ਜ਼ੋਰਾ ਲਸਾੜਾ ਯੂਐਸਏ ਨੇ ਰਚੇ ਹਨ ਅਤੇ ਇਸ ਦਾ ਸੰਗੀਤ ਤਿਆਰ ਕੀਤਾ ਹੈ ਕਮਲ ਸੂਰਮਾ ਨੇ, ਜਿੰਨਾਂ ਅਨੁਸਾਰ ਜੋਸ਼ੀਲੇ ਅੰਦਾਜ਼ ਵਿੱਚ ਗਾਇਆ ਗਿਆ ਇਹ ਗੀਤ ਪੁਰਾਤਨ ਸਮੇਂ ਅਤੇ ਕਈ ਲੋਕ ਵੰਨਗੀਆਂ ਦੇ ਸੁਮੇਲ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਸੁਖਵਿੰਦਰ ਪੰਛੀ ਵੱਲੋਂ ਆਪਣੇ ਬਹੁਤ ਹੀ ਬੇਮਿਸਾਲ ਅਤੇ ਚਿਰ ਪਰਿਚਤ ਅੰਦਾਜ਼ ਵਿੱਚ ਗਾਇਆ ਗਿਆ ਹੈ।
ਬਿੱਗ ਸੰਗੀਤਕ ਸਾਂਚੇ ਅਧੀਨ ਰਿਲੀਜ਼ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਮੂਵਮੈਂਟ ਮੇਕਰ ਫਿਲਮ ਵੱਲੋਂ ਕੀਤੀ ਗਈ ਹੈ, ਜਿੰਨਾਂ ਅਨੁਸਾਰ ਇਸ ਗਾਣੇ ਵਿੱਚ ਪਹਿਲੀ ਵਾਰ ਕਈ ਚਰਚਿਤ ਚਿਹਰੇ ਇਕੱਠਿਆਂ ਵੇਖਣ ਨੂੰ ਮਿਲਣਗੇ, ਜਿੰਨਾਂ ਵਿੱਚ ਸੁਰਿੰਦਰ ਫਰੀਸ਼ਤਾ ਉਰਫ਼ ਘੁੱਲੇ ਸ਼ਾਹ, ਨੀਟੂ ਸ਼ਟਰਾਂ ਵਾਲਾ, ਗੋਬਿੰਦ ਸੁਖੀਜਾ, ਸਤਵਿੰਦਰ ਸੰਧੇਰ ਯੂ.ਐਸ.ਏ, ਜ਼ੋਰਾ ਲਸਾੜਾ, ਅਮਨ ਲਸਾੜਾ, ਰਘੂਬੀਰ ਰੰਧਾਵਾ ਅਸ਼ੋਕ ਲੋਟਿਆ ਆਦਿ ਸ਼ਾਮਿਲ ਹਨ।
ਮੂਲ ਰੂਪ ਵਿੱਚ ਪੰਜਾਬ ਦੇ ਦੁਆਬਾ ਅਧੀਨ ਆਉਂਦੇ ਬੰਗਾ ਨਾਲ ਸੰਬੰਧਿਤ ਗਾਇਕ ਸੁਖਵਿੰਦਰ ਪੰਛੀ ਆਪਣੇ ਉਕਤ ਨਵੇਂ ਗਾਣੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨਾਂ ਦੇ ਗਾਇਕੀ ਕਰੀਅਰ ਨੂੰ ਨਵੇਂ ਅਯਾਮ ਦੇਣ ਵਿੱਚ ਉਨਾਂ ਵੱਲੋਂ ਗਏ ਕਈ ਗਾਣਿਆਂ ਅਹਿਮ ਭੂਮਿਕਾ ਨਿਭਾਈ ਹੈ, ਜਿੰਨਾਂ ਵਿੱਚ 'ਨਿੱਕੀ ਜਿਹੀ ਗੱਲ ਪਿੱਛੇ', 'ਕਦੇ ਫਿਰ ਮਿਲਾਂਗੇ', 'ਹੱਸਦੇ ਹਸਾਉਂਦਿਆ ਨੂੰ', 'ਸਾਡੀ ਮੁੰਦਰੀ ਸੱਜਣਾ' ਜਿਹੇ ਅਨੇਕਾਂ ਗੀਤ ਸ਼ੁਮਾਰ ਰਹੇ ਹਨ।