ਚੰਡੀਗੜ੍ਹ: ਪੰਜਾਬੀ ਗੀਤਕਾਰੀ ਅਤੇ ਸਾਹਿਤ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਜ਼ੀਮ ਅਤੇ ਪ੍ਰਵਾਸੀ ਗੀਤਕਾਰ ਸ਼ੰਮੀ ਜਲੰਧਰੀ, ਜੋ ਬਤੌਰ ਗੀਤਕਾਰ ਆਪਣਾ ਨਵਾਂ ਟ੍ਰੈਕ 'ਝੁਮਕੇ' ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
'ਜੈਡਐਨਬੀ ਮਿਊਜ਼ਿਕ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਸਦਾ ਬਹਾਰ ਗਾਣੇ ਨੂੰ ਅਵਾਜ਼ ਜੋਹੇਬ ਨਈਮ ਬੱਬਰ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦਾ ਸੰਗੀਤ ਰਹੀਲ ਫਿਆਜ਼ ਦੁਆਰਾ ਸੰਗੀਤਬੱਧ ਕੀਤਾ ਗਿਆ ਹੈ।
ਸੰਗੀਤਕ ਗਲਿਆਰਿਆਂ ਵਿੱਚ ਨਿਵੇਕਲੀ ਤਰੋ-ਤਾਜ਼ਗੀ ਦਾ ਇਜ਼ਹਾਰ ਅਤੇ ਅਹਿਸਾਸ ਕਰਵਾਉਣ ਜਾ ਰਹੇ ਇਸ ਬੀਟ ਸੌਂਗ ਦੁਆਰਾ ਸਦਾ ਬਹਾਰ ਗਾਇਕੀ ਅਤੇ ਸੰਗੀਤਕਾਰੀ ਨੂੰ ਮੁੜ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਸੰਬੰਧਤ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਗੀਤਕਾਰ ਸ਼ੰਮੀ ਜਲੰਧਰੀ ਨੇ ਦੱਸਿਆ 'ਪਿਆਰ ਅਤੇ ਸਨੇਹ ਭਰੇ ਨੌਜਵਾਨੀ ਵਲਵਲਿਆਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਵਿੱਚ ਦਿਲ ਟੁੰਬਵੇਂ ਸ਼ਬਦਾਂ ਅਤੇ ਮਨਮੋਹਕ ਸੰਗੀਤ ਦਾ ਸੁਮੇਲ ਸ਼ਾਮਿਲ ਕੀਤਾ ਗਿਆ ਹੈ, ਜੋ ਕੁਝ ਅਲਹਦਾ ਸੁਣਨ ਦੀ ਤਾਂਘ ਰੱਖਦੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਪਸੰਦ ਆਵੇਗਾ।
ਮੂਲ ਰੂਪ ਵਿੱਚ ਪੰਜਾਬ ਦੇ ਦੁਆਬਾ ਅਧੀਨ ਆਉਂਦੇ ਜ਼ਿਲਾਂ ਜਲੰਧਰ ਨਾਲ ਸੰਬੰਧਤ ਅਤੇ ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆਂ ਵਸੇਂਦਾ ਰੱਖਦੇ ਗੀਤਕਾਰ ਸ਼ੰਮੀ ਜਲੰਧਰੀ ਪੰਜਾਬ ਦੇ ਅਜਿਹੇ ਮਾਣਮੱਤੇ ਗੀਤਕਾਰ ਵਜੋਂ ਸ਼ੁਮਾਰ ਕਰਵਾਉਂਦੇ ਹਨ, ਜਿੰਨ੍ਹਾਂ ਦੇ ਲਿਖੇ ਗੀਤਾਂ ਨੂੰ ਰਾਹਤ ਫਤਿਹ ਅਲੀ ਖਾਨ ਸਮੇਤ ਬੇਸ਼ੁਮਾਰ ਉੱਚ-ਕੋਟੀ ਗਾਇਕ ਅਪਣੀਆਂ ਆਵਾਜ਼ਾਂ ਦੇ ਚੁੱਕੇ ਹਨ।
ਗਿੱਪੀ ਗਰੇਵਾਲ ਸਟਾਰਰ ਅਤੇ ਸੁਪਰ ਡੁਪਰ ਹਿੱਟ ਰਹੀ ਪੰਜਾਬੀ ਫਿਲਮ 'ਜੱਟ ਜੇਮਜ਼ ਬਾਂਡ' ਸਮੇਤ ਕਈ ਵੱਡੀਆਂ ਫਿਲਮਾਂ ਲਈ ਗੀਤ ਲੇਖਨ ਕਰ ਚੁੱਕੇ ਸ਼ੰਮੀ ਜਲੰਧਰ ਨਾਲ ਉਨ੍ਹਾਂ ਦੇ ਆਉਣ ਵਾਲੇ ਸੰਗੀਤਕ ਪ੍ਰੋਜੈਕਟਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਲਦ ਹੀ ਉਨ੍ਹਾਂ ਦਾ ਲਿਖਿਆ ਅਤੇ ਗੁਰਲੇਜ਼ ਅਖ਼ਤਰ ਵੱਲੋਂ ਗਾਇਆ ਗਾਣਾ ਵੀ ਜਾਰੀ ਹੋਣ ਜਾ ਰਿਹਾ ਹੈ, ਜਿਸ ਦਾ ਸੰਗੀਤ ਉੱਭਰਦੇ ਅਤੇ ਸੰਗੀਤਕ ਮਾਰਕੀਟ ਵਿੱਚ ਚੌਖੀ ਭੱਲ ਸਥਾਪਿਤ ਕਰਦੇ ਜਾ ਰਹੇ ਪਰਜਾਬ ਮੂਲ ਦੇ ਆਸਟ੍ਰੇਲੀਆਂ ਸੰਗੀਤਕਾਰ ਸਨਰਾਜ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: