ਚੰਡੀਗੜ੍ਹ: ਪੰਜਾਬੀ ਸੰਗੀਤ ਦੇ ਖੇਤਰ ਵਿੱਚ ਨਿਵੇਕਲੀਆਂ ਪੈੜਾਂ ਸਿਰਜਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੇ ਹਨ ਲੋਕ ਗਾਇਕ ਕੰਵਰ ਗਰੇਵਾਲ, ਜੋ ਸੂਫੀਆਨਾ ਰੰਗਾਂ ਵਿੱਚ ਰੰਗੀ ਅਪਣੀ ਨਵੀਂ ਈਪੀ 'ਇਰਸ਼ਾਦ' ਲੈ ਕੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਮਨ ਨੂੰ ਮੋਹ ਲੈਣ ਵਾਲੀ ਅਵਾਜ਼ ਦਾ ਇੱਕ ਵਾਰ ਮੁੜ ਪ੍ਰਭਾਵੀ ਅਹਿਸਾਸ ਕਰਵਾਉਂਦਾ ਇਹ ਈਪੀ ਜਲਦ ਸੰਗੀਤ ਮਾਰਕੀਟ ਵਿੱਚ ਅਪਣੀ ਵਿਲੱਖਣਤਾ ਭਰੀ ਮੌਜ਼ੂਦਗੀ ਦਾ ਇਜ਼ਹਾਰ ਕਰਵਾਏਗਾ।
'ਗੁਰਮੋਹਦ ਮਿਊਜ਼ਿਕ' ਵੱਲੋਂ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਈਪੀ ਵਿੱਚ ਵੱਖੋਂ-ਵੱਖਰੇ ਸੂਫੀ ਰੰਗਾਂ ਦੀ ਤਰਜ਼ਮਾਨੀ ਕਰਦੇ ਗਾਣਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਵਿੱਚ ਪੁਰਾਤਨ ਵੰਨਗੀਆਂ ਅਤੇ ਕਦਰਾਂ-ਕੀਮਤਾਂ ਦੀ ਪ੍ਰਫੁੱਲਤਾ ਕਰਦੀ ਝਲਕ ਵੇਖਣ ਅਤੇ ਸੁਣਨ ਨੂੰ ਮਿਲੇਗੀ।
ਆਗਾਮੀ 10 ਦਸੰਬਰ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉੱਪਰ ਜਾਰੀ ਕੀਤੇ ਜਾ ਰਹੇ ਇਸ ਈਪੀ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਇਸ ਦੀ ਸੰਗੀਤਕ ਟੀਮ ਨੇ ਦੱਸਿਆ ਕਿ ਮਿਆਰੀ ਸੰਗੀਤ ਅਤੇ ਖੂਬਸੂਰਤ ਬੋਲਾਂ ਅਧੀਨ ਬੁਣੇ ਗਏ ਇਸ ਸੰਗੀਤਕ ਪ੍ਰੋਜੈਕਟ ਵਿਚਲੇ ਹਰ ਗਾਣੇ ਨੂੰ ਗਾਇਕ ਕੰਵਰ ਗਰੇਵਾਲ ਵੱਲੋਂ ਬਿਹਤਰੀਨ ਰੂਪ ਵਿੱਚ ਅੰਜ਼ਾਮ ਦਿੱਤਾ ਗਿਆ ਹੈ, ਜਿੰਨ੍ਹਾਂ ਵਿੱਚ ਸੰਗੀਤ ਪ੍ਰੇਮੀ ਉਨ੍ਹਾਂ ਦੀ ਪ੍ਰਭਾਵਪੂਰਨ ਗਾਇਕੀ ਦਾ ਇੱਕ ਵਾਰ ਅਨੂਠਾ ਆਨੰਦ ਮਾਣਨਗੇ।
ਪੰਜਾਬ ਦੇ ਮਾਲਵਾ ਖੇਤਰ ਅਧੀਨ ਆਉਂਦੇ ਬਠਿੰਡਾ ਤੋਂ ਉੱਠ ਦੁਨੀਆ ਭਰ ਵਿੱਚ ਆਪਣੀ ਬੇਮਿਸਾਲ ਗਾਇਕੀ ਦੀ ਧਾਂਕ ਜਮਾਉਣ ਵਾਲੇ ਕੰਵਰ ਗਰੇਵਾਲ ਦੀ ਇਸ ਗੱਲੋਂ ਵੀ ਸਿਫ਼ਤ ਕਰਨੀ ਬਣਦੀ ਹੈ ਕਿ ਕਮਰਸ਼ਿਅਲ ਗਾਇਕੀ ਭਰੇ ਇਸ ਦੌਰ ਵਿਚ ਵੀ ਉਨ੍ਹਾਂ ਅਪਣੀਆਂ ਅਸਲ ਜੜ੍ਹਾਂ ਨਾਲ ਜੁੜੀ ਗਾਇਕੀ ਨੂੰ ਕਦੇ ਮਨੋ ਵਿਸਰਨ ਨਹੀਂ ਦਿੱਤਾ ਅਤੇ ਇਹੀ ਕਾਰਨ ਹੈ ਕਿ ਸੋਲੋ ਗਾਇਕੀ ਦੇ ਨਾਲ-ਨਾਲ ਉਨ੍ਹਾਂ ਦੀ ਸਟੇਜੀ ਪ੍ਰਦਰਸ਼ਨ ਨੂੰ ਵੀ ਦਰਸ਼ਕਾਂ ਵੱਲੋਂ ਖੁਸ਼ਦਿਲੀ ਨਾਲ ਸਵੀਕਾਰਿਆ ਅਤੇ ਸਰਾਹਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: