ਚੰਡੀਗੜ੍ਹ: ਹਾਲ ਹੀ ਵਿੱਚ ਸਾਹਮਣੇ ਆਈਆਂ ਅਤੇ ਖਾਸੀਆਂ ਪਸੰਦ ਕੀਤੀਆਂ ਗਈਆਂ ਕੁਝ ਫਿਲਮਾਂ ਦੀ ਕਾਮਯਾਬੀ ਨੇ ਪੰਜਾਬੀ ਸਿਨੇਮਾ ਦਾ ਵਿਹੜਾ ਰੌਸ਼ਨੀਆਂ ਨਾਲ ਹੋਰ ਰੋਸ਼ਨ ਕਰ ਦਿੱਤਾ ਹੈ, ਜਿਸ ਦੇ ਮੱਦੇਨਜ਼ਰ ਹੀ ਵੱਧ ਰਹੀਆਂ ਸਰਗਰਮੀਆਂ ਦਾ ਗਲੋਬਲੀ ਇਜ਼ਹਾਰ ਕਰਵਾ ਰਹੀ ਇੱਕ ਹੋਰ ਬਿੱਗ ਸੈੱਟਅੱਪ ਪੰਜਾਬੀ ਫਿਲਮ 'ਮੇਰਾ ਕਾਲੇ ਰੰਗ ਦਾ ਯਾਰ', ਜੋ ਆਸਟ੍ਰੇਲੀਆਂ ਵਿੱਚ ਸੈੱਟ ਉਤੇ ਪੁੱਜ ਗਈ ਹੈ।
'ਬਲੈਕ ਐਂਡ ਵਾਈਟ ਮੋਸ਼ਨ ਪਿਕਚਰਜ਼' ਦੇ ਬੈਨਰ ਅਤੇ 'ਐੱਸ ਐਂਡ ਐਚ ਫਿਲਮਜ਼' ਦੀ ਐਸੋਸੀਏਸ਼ਨ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਹਰਮੀਤ ਆਨੰਦ ਕਰ ਰਹੇ ਹਨ, ਜਦਕਿ ਲੇਖਨ ਜ਼ਿੰਮੇਵਾਰੀ ਸੁਰਿੰਦਰ ਅੰਗੁਰਾਲ ਸੰਭਾਲ ਰਹੇ ਹਨ, ਜੋ ਕਈ ਬਿਹਤਰੀਨ ਅਤੇ ਬਹੁ-ਚਰਚਿਤ ਫਿਲਮਾਂ ਦਾ ਲੇਖਨ ਕਰ ਚੁੱਕੇ ਹਨ ਅਤੇ ਅੱਜਕੱਲ੍ਹ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਲੇਖਕਾਂ ਵਿੱਚ ਅਪਣਾ ਸ਼ੁਮਾਰ ਕਰਵਾ ਰਹੇ ਹਨ।
ਕਾਮੇਡੀ-ਡ੍ਰਾਮੈਟਿਕ ਕਹਾਣੀ ਸਾਰ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਪਹਿਲਾਂ ਸ਼ੈਡਿਊਲ ਮੈਲਬੌਰਨ, ਵਿਕਟੋਰੀਆਂ ਆਦਿ ਹਿੱਸਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ, ਜਿਸ ਉਪਰੰਤ ਕੁਝ ਦ੍ਰਿਸ਼ ਪੰਜਾਬ ਵਿੱਚ ਫਿਲਮਾਂਏ ਜਾਣਗੇ।
ਪਾਲੀਵੁੱਡ ਦੀਆਂ ਅਗਾਮੀ ਅਲਹਦਾ ਕੰਟੈਂਟ ਫਿਲਮਾਂ ਵਿੱਚ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਅਤੇ ਬਿੱਗ ਸੈੱਟਅਪ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਹਰਜੋਤ ਸਿੰਘ ਕਰ ਰਹੇ ਹਨ, ਜੋ ਇੰਟਰਨੈਸ਼ਨਲ ਮੁਹਾਂਦਰੇ ਅਧੀਨ ਬਣਾਈ ਜਾ ਰਹੀ ਇਸ ਫਿਲਮ ਨਾਲ ਪਾਲੀਵੁੱਡ 'ਚ ਪ੍ਰਭਾਵੀ ਦਸਤਕ ਦੇਣ ਵੱਲ ਵਧਣਗੇ।
ਆਗਾਮੀ ਵਰ੍ਹੇ ਦੇ ਸ਼ੁਰੂਆਤੀ ਪੜਾਅ ਦੌਰਾਨ ਸਾਹਮਣੇ ਆਉਣ ਜਾ ਰਹੀ ਉਕਤ ਫਿਲਮ ਵਿੱਚ ਚੜ੍ਹਦੇ ਪੰਜਾਬ ਦੇ ਨਾਲ-ਨਾਲ ਲਹਿੰਦੇ ਪੰਜਾਬ ਦੇ ਕਲਾਕਾਰਾਂ ਦਾ ਸੁਮੇਲ ਵੇਖਣ ਨੂੰ ਮਿਲੇਗਾ, ਜਿਸ ਵਿੱਚ ਮੰਝੇ ਹੋਏ ਕਾਮੇਡੀ ਅਦਾਕਾਰ ਇਫਤਖਾਰ ਠਾਕੁਰ ਵੀ ਸ਼ਾਮਿਲ ਹਨ, ਜੋ ਭਾਰਤੀ ਪੰਜਾਬ ਦੀਆਂ ਕਈ ਪੰਜਾਬੀ ਫਿਲਮਾਂ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਇਹ ਵੀ ਪੜ੍ਹੋ: