ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਲੰਮੇਰਾ ਸਫ਼ਰ ਤੈਅ ਕਰ ਚੁੱਕੇ ਹਨ ਗਾਇਕ ਰਣਜੀਤ ਮਣੀ, ਜੋ ਲਗਭਗ ਦੋ ਦਹਾਕਿਆਂ ਬਾਅਦ ਮੁੜ ਆਪਣੀਆਂ ਸੰਗੀਤਕ ਪੈੜ੍ਹਾਂ ਮਜ਼ਬੂਤ ਕਰਦੇ ਨਜ਼ਰੀ ਆ ਰਹੇ ਹਨ, ਜਿਨ੍ਹਾਂ ਵੱਲੋਂ ਵਧਾਈਆਂ ਜਾ ਰਹੀਆਂ ਗਾਇਕੀ ਸਰਗਰਮੀਆਂ ਦਾ ਹੀ ਮੁੜ ਇਜ਼ਹਾਰ ਕਰਵਾਉਣ ਜਾ ਰਿਹਾ ਉਨ੍ਹਾਂ ਦਾ ਸਾਹਮਣੇ ਆ ਰਿਹਾ ਨਵਾਂ ਗਾਣਾ 'ਓਕੇ ਰਿਪੋਰਟਾਂ', ਜੋ ਜਲਦ ਵੱਖ ਵੱਖ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
'ਰੋਮੀ ਮਿਊਜ਼ਿਕ ਯੂਕੇ' ਅਤੇ 'ਸੋਨੀ ਸਾਂਪਲਾ' ਵੱਲੋਂ 11 ਅਕਤੂਬਰ ਨੂੰ ਪੇਸ਼ ਕੀਤੇ ਜਾ ਰਹੇ ਇਸ ਦੋਗਾਣਾ ਟ੍ਰੈਕ ਨਾਲ ਲੰਮੇਂ ਸਮੇਂ ਬਾਅਦ ਗਾਇਕ ਰਣਜੀਤ ਮਣੀ ਅਤੇ ਗਾਇਕਾ ਸੁਦੇਸ਼ ਕੁਮਾਰੀ ਆਪਣੇ ਸ਼ਾਨਦਾਰ ਸੰਗੀਤਕ ਸੁਮੇਲਤਾ ਦਾ ਇਜ਼ਹਾਰ ਸਰੋਤਿਆਂ ਅਤੇ ਦਰਸ਼ਕਾਂ ਨੂੰ ਕਰਵਾਉਣਗੇ, ਜੋ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗਾਣੇ ਸੰਗੀਤ ਪ੍ਰੇਮੀਆਂ ਦੀ ਝੋਲੀ ਪਾ ਚੁੱਕੇ ਹਨ, ਜਿੰਨ੍ਹਾਂ ਵਿੱਚ 'ਕੰਟੀਨ', 'ਸ਼ੀਸ਼ਿਆਂ ਦਾ ਸ਼ਹਿਰ', 'ਹਾਕਾ ਮਾਰਿਆ' ਆਦਿ ਸ਼ੁਮਾਰ ਰਹੇ ਹਨ।
ਨਿਰਮਾਤਾ ਅਤੇ ਗੀਤਕਾਰ ਕਮਲ ਮਹਿਤਾ ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਦਾ ਸੰਗੀਤ ਕਰਨ ਪ੍ਰਿੰਸ ਵੱਲੋਂ ਤਿਆਰ ਕੀਤਾ ਗਿਆ, ਜਿੰਨ੍ਹਾਂ ਵੱਲੋਂ ਬੀਟ ਸੌਂਗ ਦੇ ਤੌਰ ਉਤੇ ਸੰਗੀਤਬੱਧ ਕੀਤੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾ ਚੰਨੀ ਗੁਲਪੁਰੀ ਦੁਆਰਾ ਦਿੱਤੀ ਗਈ ਹੈ।
ਹਾਲ ਹੀ ਵਿੱਚ ਜਾਰੀ ਕੀਤੇ ਆਪਣੇ ਕਈ ਗਾਣਿਆਂ ਨਾਲ ਚਰਚਾ ਦਾ ਕੇਂਦਰ ਬਿੰਦੂ ਰਹੇ ਗਾਇਕ ਰਣਜੀਤ ਮਣੀ ਇੰਨੀਂ ਦਿਨੀਂ ਸਟੇਜ ਸ਼ੋਅਜ਼ ਦੀ ਦੁਨੀਆਂ ਵਿੱਚ ਵੀ ਕਾਫ਼ੀ ਧਮਾਲ ਪਾਉਂਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੀ ਪੰਜਾਬ ਤੋਂ ਲੈ ਕੇ ਵਿਦੇਸ਼ੀ ਖਿੱਤਿਆਂ ਵਿੱਚ ਸਟੇਜੀ ਮੰਗ ਫਿਰ ਵੱਧਦੀ ਜਾ ਰਹੀ ਹੈ।
ਸਾਲ 1994 ਦੇ ਦੌਰਾਨ ਪੰਜਾਬੀ ਗਾਇਕੀ ਖੇਤਰ 'ਚ ਨਿੱਤਰੇ ਗਾਇਕ ਰਣਜੀਤ ਮਣੀ ਵੱਲੋਂ ਗਾਏ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚ 'ਮੇਰੇ ਰਾਂਝੇ ਦਾ ਪ੍ਰਿੰਸੀਪਲ', 'ਤੇਰੇ ਵਿਆਹ ਦਾ ਕਾਰਡ', 'ਮਿੱਠੀ ਜਿਹੀ ਯਾਦ', 'ਪਿਆਰ ਭਰੀ ਮੁਲਾਕਾਤ' ਆਦਿ ਸ਼ਾਮਿਲ ਰਹੇ ਹਨ।
ਇਹ ਵੀ ਪੜ੍ਹੋ: