ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਿਨੇਮਾ ਖੇਤਰ ਵਿੱਚ ਵਿਲੱਖਣ ਪਹਿਚਾਣ ਅਤੇ ਸਫ਼ਲ ਮੁਕਾਮ ਸਥਾਪਿਤ ਕਰ ਚੁੱਕੇ ਹਨ ਸੁਪ੍ਰਸਿੱਧ ਸੰਗੀਤਕਕਾਰ ਜੈਦੇਵ ਕੁਮਾਰ, ਜਿੰਨ੍ਹਾਂ ਦੀ ਪ੍ਰਤਿਭਾਵਾਨ ਬੇਟੀ ਨਿਸ਼ਿਤਾ ਕੁਮਾਰ ਵੱਲੋਂ ਵੀ ਅਪਣਾ ਪਲੇਠਾ ਗਾਣਾ 'ਢੋਲਾ ਨੀ ਆਇਆ' ਨਾਲ ਸੰਗੀਤਕ ਪਿੜ੍ਹ ਵਿੱਚ ਸ਼ਾਨਦਾਰ ਦਸਤਕ ਦੇ ਦਿੱਤੀ ਗਈ ਹੈ, ਜਿਸ ਦੇ ਵੱਡੇ ਪੱਧਰ ਉਪਰ ਲਾਂਚ ਹੋਏ ਇਸ ਸ਼ਾਨਦਾਰ ਗਾਣੇ ਨੂੰ ਸੰਗੀਤ ਪ੍ਰੇਮੀਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
'ਸਪੀਡ ਰਿਕਾਰਡਸ' ਅਤੇ 'ਸੰਗੀਤ ਪੇਸ਼ਕਰਤਾ ਅੰਗਦ ਸਿੰਘ' ਵੱਲੋਂ ਜੈਦੇਵ ਕੁਮਾਰ ਦੀ ਐਸੋਸੀਏਸ਼ਨ ਅਧੀਨ ਪੇਸ਼ ਕੀਤੇ ਗਏ ਉਕਤ ਗਾਣੇ ਨੂੰ ਅਵਾਜ਼ਾਂ ਨਿਸ਼ਿਤਾ ਕੁਮਾਰ, ਆਸ਼ਿਮ ਕੇਮਸਨ ਵੱਲੋਂ ਦਿੱਤੀਆਂ ਗਈਆਂ ਹਨ ਜਦਕਿ ਇਸ ਦੇ ਬੋਲ ਅਤੇ ਸੰਗੀਤ ਦਾ ਸੰਯੋਜਨ ਵੀ ਆਸ਼ਿਮ ਕੇਮਸਨ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ।
ਆਪਣੇ ਬਿਹਤਰੀਨ ਸੰਗੀਤ ਸੰਯੋਜਨ ਦੇ ਚੱਲਦਿਆਂ ਪੰਜਾਬ ਦੇ ਬੇਸ਼ੁਮਾਰ ਨਾਮੀ ਗਾਇਕਾਂ ਨੂੰ ਸਟਾਰ ਬਣਾਉਣ ਅਤੇ ਅਣਗਿਣਤ ਪੰਜਾਬੀ ਫਿਲਮਾਂ ਨੂੰ ਸੁਪਰ ਡੁਪਰ ਹਿੱਟ ਦੀ ਸ਼੍ਰੇਣੀ ਵਿੱਚ ਸ਼ਾਮਿਲ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ ਸੰਗੀਤਕਾਰ ਜੈਦੇਵ ਕੁਮਾਰ, ਜਿੰਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਗਾਣਿਆ ਵਿੱਚ 'ਪਾਣੀ ਦੀਆਂ ਛੱਲਾਂ ਹੋਵਣ' (ਮੇਲ ਕਰਾਂਦੇ ਰੱਬਾ), 'ਮਾਵਾਂ' (ਦਾਣਾ ਪਾਣੀ), 'ਇਸ਼ਕੇ ਦੀ ਮਾਰੀ', 'ਹੀਰ' (ਗੁਰਦਾਸ ਮਾਨ), 'ਦਿਲ ਤਾਂ ਪਾਗਲ ਹੈ', 'ਸਾਉਣ ਦੀ ਝੜੀ', 'ਕਬਜ਼ਾ' ਅਤੇ 'ਮਹਿਫ਼ਲ ਮਿੱਤਰਾਂ ਦੀ' (ਬੱਬੂ ਮਾਨ) ਆਦਿ ਸ਼ਾਮਿਲ ਰਹੇ ਹਨ, ਜੋ ਅਪਾਰ ਮਕਬੂਲੀਅਤ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ।
ਮੁੰਬਈ ਨਗਰੀ ਵਿੱਚ ਵੱਸਦੇ ਜੈਦੇਵ ਕੁਮਾਰ ਅਜ਼ੀਮ ਸੰਗੀਤਕਾਰ ਵਜੋਂ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ, ਜਿੰਨ੍ਹਾਂ ਦੀ ਹੋਣਹਾਰ ਬੇਟੀ ਨਿਸ਼ਿਤਾ ਕੁਮਾਰ ਦੇ ਗਾਇਕੀ ਅਗਾਜ਼ ਦੀ ਗੱਲ ਕਰੀਏ ਤਾਂ ਕਾਫ਼ੀ ਲੰਮੀ ਸੰਗੀਤਕ ਤਿਆਰੀ ਅਤੇ ਰਿਆਜ਼ ਪਰਪੱਕਤਾ ਬਾਅਦ ਉਸ ਵੱਲੋਂ ਅਪਣੀ ਇਸ ਪ੍ਰਭਾਵੀ ਆਮਦ ਦਾ ਇਜ਼ਹਾਰ ਸਰੋਤਿਆਂ ਅਤੇ ਦਰਸ਼ਕਾਂ ਨੂੰ ਕਰਵਾਇਆ ਗਿਆ ਹੈ, ਜਿੰਨ੍ਹਾਂ ਵੱਲੋਂ ਸੰਬੰਧਤ ਗਾਣੇ ਦੇ ਮਿਊਜ਼ਿਕ ਵੀਡੀਓ ਵਿੱਚ ਕੀਤੀ ਫੀਚਰਿੰਗ ਨੂੰ ਵੀ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: