ਚੰਡੀਗੜ੍ਹ: ਰਾਜਨੀਤਿਕ ਪਾਰੀ ਦੇ ਉਤਰਾਅ-ਚੜਾਵ ਭਰੇ ਰਹੇ ਲੰਮੇਂ ਸਫ਼ਰ ਤੋਂ ਬਾਅਦ ਅਜ਼ੀਮ ਅਤੇ ਪਦਮ ਸ਼੍ਰੀ ਗਾਇਕ ਹੰਸ ਰਾਜ ਹੰਸ ਸੰਗੀਤਕ ਸਫਾਂ ਵਿੱਚ ਇੱਕ ਵਾਰ ਮੁੜ ਵਾਪਸੀ ਕਰਦੇ ਨਜ਼ਰੀ ਆ ਰਹੇ ਹਨ, ਜਿਸ ਦੇ ਮੱਦੇਨਜ਼ਰ ਹੀ ਆਸਟ੍ਰੇਲੀਆਂ ਦੇ ਵਿਸ਼ੇਸ਼ ਦੌਰੇ ਅਧੀਨ ਅੱਜ ਬ੍ਰਿਸਬੇਨ ਪੁੱਜਣ ਉਤੇ ਉਨ੍ਹਾਂ ਦਾ ਕਲਾ ਖੇਤਰ ਸ਼ਖਸੀਅਤਾਂ ਅਤੇ ਸੰਗੀਤ ਪ੍ਰੇਮੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਹਾਲ ਹੀ ਵਿੱਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀ ਸੰਸਦੀ ਸੀਟ ਫ਼ਰੀਦਕੋਟ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਜਨੀਤਿਕ ਦ੍ਰਿਸ਼ਾਂਵਲੀ ਤੋਂ ਲਗਭਗ ਕਿਨਾਰਾ ਕਰਨ ਵੱਲ ਵੱਧਦੇ ਵਿਖਾਈ ਦੇ ਰਹੇ ਹਨ ਇਹ ਬਾਕਮਾਲ ਗਾਇਕ, ਜਿਸ ਦਾ ਇਜ਼ਹਾਰ ਉਨ੍ਹਾਂ ਦੀ ਰਾਜਨੀਤਿਕ ਪਿੜਾਂ ਵਿੱਚ ਨਾ-ਮੌਜੂਦਗੀ ਅਤੇ ਸੰਗੀਤਕ ਖੇਤਰ ਵਿੱਚ ਵੱਧ ਰਹੀ ਸਰਗਰਮੀ ਵੀ ਭਲੀਭਾਂਤ ਕਰਵਾ ਰਹੀ ਹੈ।
ਫਿਲਹਾਲ ਉਨ੍ਹਾਂ ਦੇ ਉਕਤ ਦੌਰੇ ਦੀ ਗੱਲ ਕਰੀਏ ਤਾਂ 20 ਅਕਤੂਬਰ ਨੂੰ ਹੋਣ ਜਾ ਰਹੇ ਗ੍ਰੈਂਡ ਕੰਸਰਟ ਦਾ ਬਣਨ ਜਾ ਰਹੇ ਹਨ ਜਨਾਬ ਹੰਸ ਰਾਜ ਹੰਸ, ਜਿੰਨ੍ਹਾਂ ਦੇ ਵਿਸ਼ਾਲ ਅਤੇ ਆਲੀਸ਼ਾਨ ਪੱਧਰ ਉਤੇ ਕਰਵਾਏ ਜਾ ਰਹੇ ਇਸ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਪ੍ਰਬੰਧਕਾਂ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ।
ਬ੍ਰਿਸਬੇਨ ਦੇ ਖੂਬਸੂਰਤ ਸਲੀਮਾਨ ਸਪੋਰਟਸ ਕੰਪਲੈਕਸ ਵਿੱਚ ਆਯੋਜਿਤ ਹੋਣ ਜਾ ਰਹੇ ਇਸ ਕੰਸਰਟ ਵਿੱਚ ਵੱਡੀ ਤਾਦਾਦ ਵਿੱਚ ਦਰਸ਼ਕਾਂ ਦੇ ਸ਼ਮੂਲੀਅਤ ਕੀਤੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਹਾਲ ਹੀ ਵਿੱਚ ਰਿਲੀਜ਼ ਹੋਏ ਅਤੇ ਮਰਹੂਮ ਗਾਇਕ ਸੁਰਿੰਦਰ ਛਿੰਦਾ ਨੂੰ ਸਮਰਪਿਤ ਕੀਤੇ ਗੀਤ 'ਕਿੱਥੇ ਤੁਰ ਗਿਆ ਯਾਰਾਂ' ਨਾਲ ਵੀ ਸੰਗੀਤ ਪ੍ਰੇਮੀਆਂ ਦੇ ਮਨਾਂ ਵਿੱਚ ਅਪਣੀ ਨਯਾਬ ਗਾਇਕੀ ਦੀ ਅਮਿੱਟ ਛਾਪ ਛੱਡਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੇ ਹਨ ਇਹ ਹਰਦਿਲ ਅਜ਼ੀਜ ਗਾਇਕ, ਜੋ ਅੱਜਕੱਲ੍ਹ ਇੰਟਰਨੈਸ਼ਨਲ ਸ਼ੋਅਜ਼ ਉਪਰ ਕਾਫ਼ੀ ਫੋਕਸ ਕਰ ਰਹੇ ਹਨ, ਜਿਸ ਦਾ ਅਹਿਸਾਸ ਇਸ ਆਸਟ੍ਰੇਲੀਆਂ ਦੌਰੇ ਤੋਂ ਬਾਅਦ ਅਗਲੇ ਪੜਾਅ ਅਧੀਨ ਯੂਨਾਈਟਿਡ ਕਿੰਗਡਮ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਣ ਵਾਲੇ ਕੰਸਰਟ ਵੀ ਕਰਵਾ ਰਹੇ ਹਨ।
ਦੁਨੀਆਂ ਭਰ ਵਿੱਚ ਅਪਣੀ ਸੂਫੀ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਗਾਇਕ ਹੰਸ ਰਾਜ ਹੰਸ ਸੂਫੀਇਜ਼ਮ ਦੀ ਤਰਜ਼ਮਾਨੀ ਕਰਦੇ ਕੁਝ ਗਾਣੇ ਵੀ ਜਲਦ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰਨਗੇ।
ਇਹ ਵੀ ਪੜ੍ਹੋ: