ਅੰਮ੍ਰਿਤਸਰ: ਪਿਛਲੇ ਸਾਲ 15 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ 'ਬੂਹੇ ਬਾਰੀਆਂ' ਕਾਫੀ ਸਮੇਂ ਤੋਂ ਵਿਵਾਦਾਂ ਵਿੱਚ ਘਿਰੀ ਨਜ਼ਰ ਆ ਰਹੀ ਹੈ, ਜੀ ਹਾਂ...ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਫਿਲਮ 'ਬੂਹੇ ਬਾਰੀਆਂ' ਦਾ ਇਹ ਵਿਵਾਦ ਹੁਣ ਕੋਰਟ ਪਹੁੰਚ ਗਿਆ ਹੈ।
ਦਰਅਸਲ ਕੁੱਝ ਸਮਾਂ ਪਹਿਲਾਂ ਨੀਰੂ ਬਾਜਵਾ, ਉਦੈ ਪ੍ਰਤਾਪ ਸਿੰਘ ਡਾਇਰੈਕਟਰ, ਲੇਖਕ ਜਗਦੀਪ ਵੜਿੰਗ ਖਿਲਾਫ ਥਾਣਾ ਵੇਰਕਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ ਅੱਜ 18 ਮਾਰਚ ਨੂੰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੂੰ ਅੰਮ੍ਰਿਤਸਰ ਦੀ ਕੋਰਟ ਵਿੱਚ ਪੇਸ਼ੀ ਲਈ ਆਉਣਾ ਪਿਆ।
ਇਸ ਦੌਰਾਨ ਅਦਾਕਾਰਾ ਨੇ ਮੂੰਹ 'ਤੇ ਮਾਸਕ ਲਾਇਆ ਹੋਇਆ ਸੀ ਅਤੇ ਅਦਾਕਾਰਾ ਮੀਡੀਆ ਦੇ ਸੁਆਲਾਂ ਤੋਂ ਬਚਦੀ ਨਜ਼ਰੀ ਪਈ। ਦੂਜੇ ਪਾਸੇ ਇਸ ਵਿਵਾਦਤ ਫਿਲਮ ਦੇ ਲੇਖਕ ਜਗਦੀਪ ਸਿੰਘ ਵੜਿੰਗ ਮੀਡੀਆ ਨਾਲ ਗੱਲਬਾਤ ਕਰਦੇ ਨਜ਼ਰੀ ਪਏ। ਇਸ ਦੌਰਾਨ ਉਹਨਾਂ ਨੇ ਪਹਿਲਾਂ ਪੂਰੇ ਮਾਮਲੇ ਉਤੇ ਚਾਨਣਾ ਪਾਈ।
ਉੱਥੇ ਹੀ ਮੁੱਖ ਸ਼ਿਕਾਇਤ ਕਰਤਾ ਸਿਮਰਨਜੀਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 'ਪੰਜਾਬੀ ਫਿਲਮ ਬੂਹੇ ਬਾਰੀਆਂ ਜੋ ਪਿਛਲੇ ਸਮੇਂ 'ਚ ਰਿਲੀਜ਼ ਹੋਈ ਸੀ, ਜਿਸ ਦੇ ਵਿੱਚ ਬੂਹੇ ਬਾਰੀਆਂ ਦੇ ਨਿਰਦੇਸ਼ਕ ਅਤੇ ਫਿਲਮ ਦੀ ਅਦਾਕਾਰਾ ਨੀਰੂ ਬਾਜਵਾ ਦੇ ਖਿਲਾਫ਼ ਸਾਡੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਜਿਸ ਦੇ ਚੱਲਦੇ ਪੁਲਿਸ ਨੂੰ ਮਾਮਲਾ ਦਰਜ ਕਰਨਾ ਪਿਆ ਅਤੇ ਅੱਜ ਉਹਨਾਂ ਦੀ ਪੇਸ਼ੀ ਸੀ।'
ਸਿਮਰਨਜੀਤ ਨੇ ਅੱਗੇ ਕਿਹਾ ਕਿ 'ਫਿਲਮ ਟੀਮ ਵੱਲੋਂ ਮਾਫੀ ਮੰਗ ਲਈ ਗਈ ਹੈ ਅਤੇ ਸਾਡੀ ਇੱਕੋ ਹੀ ਗੱਲ ਇਹ ਸੀ ਕਿ ਉਹ ਸਾਡੇ ਪਾਵਨ ਤੀਰਥ 'ਤੇ ਆ ਕੇ ਮੱਥਾ ਟੇਕਣ ਅਤੇ ਉੱਥੇ ਹੀ ਮਾਫੀ ਮੰਗਣ 'ਤੇ ਸਾਡੇ ਵੱਲੋਂ ਮਾਫ ਕਰ ਦਿੱਤਾ ਜਾਵੇਗਾ।'
ਇਸ ਮੌਕੇ ਵਕੀਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 'ਬੂਹੇ ਬਾਰੀਆਂ ਫਿਲਮ ਦੇ ਵਿੱਚ ਨੀਰੂ ਬਾਜਵਾ ਅਤੇ ਉਹਨਾਂ ਦੀ ਟੀਮ ਵੱਲੋਂ ਵਾਲਮੀਕੀ ਭਾਈਚਾਰੇ ਦੇ ਖਿਲਾਫ਼ ਗਲਤ ਸ਼ਬਦਾਵਲੀ ਵਰਤੀ ਸੀ, ਜਿਹਦੇ ਚੱਲਦੇ ਭਾਈਚਾਰੇ ਵੱਲੋਂ ਨੀਰੂ ਬਾਜਵਾ ਦੇ ਖਿਲਾਫ ਕੇਸ ਦਰਜ ਕਰਵਾਇਆ ਗਿਆ ਸੀ, ਅੱਜ ਉਹਨਾਂ ਦੀ ਕੋਰਟ ਵਿੱਚ ਪੇਸ਼ੀ ਸੀ।'
ਕੀ ਹੈ ਪੂਰਾ ਮਾਮਲਾ: ਉਲੇਖਯੋਗ ਹੈ ਕਿ ਫਿਲਮ ਬੂਹੇ ਬਾਰੀਆਂ ਦੇ ਡਾਇਲਾਗ ਨੂੰ ਲੈ ਕੇ SCST ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। 15 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਇਸ ਫਿਲਮ 'ਤੇ ਵਾਲਮੀਕੀ ਭਾਈਚਾਰੇ ਦਾ ਅਪਮਾਨ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਫਿਲਮ ਰਿਲੀਜ਼ ਹੋਣ 'ਤੇ ਵੀ ਕਈ ਜਥੇਬੰਦੀਆਂ ਦੇ ਆਗੂ ਫਿਲਮ ਨੂੰ ਰੋਕਣ ਲਈ ਸਿਨੇਮਾਘਰਾਂ 'ਚ ਪਹੁੰਚ ਗਏ ਸਨ।