ਮੁੰਬਈ: ਮਸ਼ਹੂਰ ਟੀਵੀ ਐਕਟਰ ਰਿਤੂਰਾਜ ਸਿੰਘ ਦਾ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਅਦਾਕਾਰ ਦੇ ਦੇਹਾਂਤ ਦੀ ਖਬਰ ਦੀ ਪੁਸ਼ਟੀ ਉਨ੍ਹਾਂ ਦੇ ਕਰੀਬੀ ਦੋਸਤ ਅਮਿਤ ਬਹਿਲ ਨੇ ਕੀਤੀ। ਦੂਜੇ ਪਾਸੇ ਰਿਤੂਰਾਜ ਦੇ ਦੇਹਾਂਤ ਦੀ ਖਬਰ ਮਿਲਦੇ ਹੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ। ਅੱਜ 21 ਫਰਵਰੀ ਨੂੰ ਰਿਤੂਰਾਜ ਸਿੰਘ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਕਈ ਟੀਵੀ ਸੈਲੇਬਸ ਉਨ੍ਹਾਂ ਦੇ ਘਰ ਪਹੁੰਚੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਰਿਤੂਰਾਜ ਸਿੰਘ ਦਾ ਅੰਤਿਮ ਸੰਸਕਾਰ ਅੱਜ 21 ਫਰਵਰੀ ਨੂੰ ਹੋਵੇਗਾ। ਅਦਾਕਾਰ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਮਸ਼ਹੂਰ ਹਸਤੀਆਂ ਉਨ੍ਹਾਂ ਦੇ ਘਰ ਪਹੁੰਚ ਰਹੀਆਂ ਹਨ। ਨਕੁਲ ਮਹਿਤਾ, ਅਨੂਪ ਸੋਨੀ, ਹਿਤੇਨ ਤੇਜਵਾਨੀ ਸਮੇਤ ਕਈ ਟੀਵੀ ਸਿਤਾਰੇ ਮਰਹੂਮ ਅਦਾਕਾਰ ਦੇ ਘਰ ਜਾਂਦੇ ਨਜ਼ਰ ਆਏ।
ਅਦਾਕਾਰ ਦੇ ਦੇਹਾਂਤ ਬਾਰੇ ਗੱਲ ਕਰਦਿਆਂ ਉਨ੍ਹਾਂ ਦੇ ਦੋਸਤ ਅਮਿਤ ਬਹਿਲ ਨੇ ਕਿਹਾ, 'ਰਿਤੂਰਾਜ ਪੈਨਕ੍ਰੀਆਟਿਕ ਕੈਂਸਰ ਨਾਲ ਜੂਝ ਰਹੇ ਸਨ। 15 ਦਿਨ ਪਹਿਲਾਂ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।'
ਰਿਤੂਰਾਜ ਨੂੰ ਆਖਰੀ ਵਾਰ ਟੀਵੀ ਸੀਰੀਅਲ 'ਅਨੁਪਮਾ' 'ਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਉਹ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਵਿੱਚ ਪੁਰਸ਼ੋਤਮ ਅਜਮੇਰਾ ਦੀ ਭੂਮਿਕਾ ਵਿੱਚ ਨਜ਼ਰ ਆਏ ਸਨ। ਅਦਾਕਾਰ ਨੂੰ ਸਿਰਫ ਟੀਵੀ 'ਤੇ ਹੀ ਨਹੀਂ ਬਲਕਿ ਫਿਲਮਾਂ ਅਤੇ ਓਟੀਟੀ ਸ਼ੋਅਜ਼ ਵਿੱਚ ਵੀ ਕਈ ਭੂਮਿਕਾਵਾਂ ਨਿਭਾਉਂਦੇ ਦੇਖਿਆ ਗਿਆ ਹੈ। ਉਹਨਾਂ ਨੂੰ 'ਬੰਦਿਸ਼ ਬੈਂਡਿਟਸ' ਅਤੇ 'ਮੇਡ ਇਨ ਹੈਵਨ' ਵਰਗੀਆਂ ਓਟੀਟੀ ਸੀਰੀਜ਼ ਵਿੱਚ ਦੇਖਿਆ ਗਿਆ ਸੀ। ਜਦੋਂ ਕਿ 'ਬਦਰੀਨਾਥ ਕੀ ਦੁਲਹਨੀਆ', 'ਸਤਿਆਮੇਵ ਜਯਤੇ 2' ਅਤੇ 'ਯਾਰੀਆਂ 2' ਵਰਗੀਆਂ ਫਿਲਮਾਂ ਰਾਹੀਂ ਵੀ ਅਦਾਕਾਰ ਨੇ ਲੋਕਾਂ ਦਾ ਮੰਨੋਰੰਜਨ ਕੀਤਾ ਸੀ।