ਚੰਡੀਗੜ੍ਹ: ਲੋਕ ਗਾਇਕੀ 'ਚ ਸਤਿਕਾਰਿਤ ਅਤੇ ਮਾਣਮੱਤੀ ਪਹਿਚਾਣ ਰੱਖਦੇ ਰਹੇ ਹਨ ਮਰਹੂਮ ਗਾਇਕ ਸੁਰਿੰਦਰ ਸ਼ਿੰਦਾ, ਜਿੰਨ੍ਹਾਂ ਦੇ ਬੇਟੇ ਮਨਿੰਦਰ ਸ਼ਿੰਦਾ ਹੁਣ ਮੁੜ ਅਪਣੇ ਪਿਤਾ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਵਧਾਉਣ ਵਿੱਚ ਜੁਟ ਚੁੱਕੇ ਹਨ, ਜਿਸ ਸੰਬੰਧਤ ਉਨ੍ਹਾਂ ਵੱਲੋਂ ਆਰੰਭੇ ਸਾਰਥਿਕ ਯਤਨਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ, ਉਨ੍ਹਾਂ ਦਾ ਨਵਾਂ ਗਾਣਾ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
ਉੱਚ ਪੱਧਰੀ ਸੰਗੀਤਕ ਮਾਪਦੰਡਾਂ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਬਿੱਗ ਸੈੱਟਅਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਗਿਆ ਹੈ, ਜਿਸ ਵਿੱਚ ਲੀਡ ਮਾਡਲ ਦੇ ਤੌਰ ਉਤੇ ਮਸ਼ਹੂਰ ਮਾਡਲ ਅਤੇ ਅਦਾਕਾਰ ਗੁਰੀ ਤੂਰ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਮੰਨੇ ਪ੍ਰਮੰਨੇ ਕਲਾਕਾਰ ਵੀ ਇਸ ਦਾ ਅਹਿਮ ਹਿੱਸਾ ਬਣਾਏ ਗਏ ਹਨ, ਜਿੰਨ੍ਹਾਂ ਵਿੱਚ ਸ਼ਵਿੰਦਰ ਮਾਹਲ, ਮਲਕੀਤ ਰੌਣੀ, ਸਤਵੰਤ ਕੌਰ, ਸਤਵਿੰਦਰ ਧੀਮਾਨ ਆਦਿ ਸ਼ਾਮਿਲ ਹਨ।
ਸਾਲ 2013 ਵਿੱਚ ਸੰਗੀਤਕ ਪਿੜ੍ਹ ਵਿੱਚ ਪ੍ਰਭਾਵੀ ਪੈੜਾਂ ਸਿਰਜਣ ਵੱਲ ਵਧੇ ਗਾਇਕ ਮਨਿੰਦਰ ਸ਼ਿੰਦਾ ਹੁਣ ਤੱਕ ਦੇ ਅਪਣੇ ਗਾਇਕੀ ਸਫ਼ਰ ਦੌਰਾਨ ਕਈ ਬਿਹਤਰੀਨ ਗਾਣੇ ਸੰਗੀਤ ਪ੍ਰੇਮੀਆਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਔਕਾਤ', 'ਜਨਮ', 'ਪਿਆਰ', 'ਸਵੀਟਨੈਜ' ਆਦਿ ਸ਼ੁਮਾਰ ਰਹੇ ਹਨ, ਜਿੰਨ੍ਹਾਂ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ।
ਪੰਜਾਬ ਦੇ ਜ਼ਿਲ੍ਹਾਂ ਲੁਧਿਆਣਾ ਵਿਖੇ 26 ਜੁਲਾਈ 2023 ਨੂੰ 70 ਸਾਲਾਂ ਦੀ ਉਮਰ 'ਚ ਹੋਈ ਮੌਤ ਬਾਅਦ ਸੰਗੀਤਕ ਖੇਤਰ ਵਿੱਚ ਲੰਮਾ ਖਲਾਅ ਪੈਦਾ ਕਰ ਗਏ ਸਨ ਲੋਕ-ਗਾਇਕ ਸੁਰਿੰਦਰ ਸ਼ਿੰਦਾ, ਜਿੰਨ੍ਹਾਂ ਦੇ ਪੁਰਾਤਨ ਅਤੇ ਲੋਕ ਗਾਥਾਵਾਂ ਦੇ ਰੰਗ ਵਿੱਚ ਰੰਗੇ ਰਹੇ ਗੀਤਾਂ ਦੀ ਅਣਹੋਂਦ ਅੱਜ ਵੀ ਸੰਗੀਤ ਪ੍ਰੇਮੀ ਮਹਿਸੂਸ ਕਰ ਰਹੇ ਹਨ, ਜਿੰਨ੍ਹਾਂ ਦੀਆਂ ਇੰਨਾਂ ਆਸ਼ਾਵਾਂ ਨੂੰ ਹੀ ਬੂਰ ਪਾਉਣ ਵੱਲ ਵੱਧ ਚੁੱਕੇ ਹਨ ਨੌਜਵਾਨ ਗਾਇਕ ਮਨਿੰਦਰ ਸ਼ਿੰਦਾ, ਜੋ ਲੰਮੇਂ ਸਮੇਂ ਦੀ ਚੁੱਪ ਬਾਅਦ ਇਸ ਖੇਤਰ ਵਿੱਚ ਫਿਰ ਸਰਗਰਮ ਹੋਏ ਹਨ।
ਇਹ ਵੀ ਪੜ੍ਹੋ: