ਮੁੰਬਈ: ਸਾਊਥ ਦੀ ਸੁਪਰਸਟਾਰ ਤਮੰਨਾ ਭਾਟੀਆ ਮੁਸੀਬਤ ਵਿੱਚ ਹੈ। ਅਦਾਕਾਰਾ ਨੂੰ ਮਹਾਰਾਸ਼ਟਰ ਸਾਈਬਰ ਸੈੱਲ ਨੇ ਗੈਰ-ਕਾਨੂੰਨੀ 2023 IPL ਸਟ੍ਰੀਮਿੰਗ ਜਾਂਚ ਮਾਮਲੇ 'ਚ ਸੰਮਨ ਭੇਜਿਆ ਹੈ। ਇਸ ਮਾਮਲੇ 'ਚ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਵੀ ਸੰਮਨ ਭੇਜਿਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ 2023 ਦੇ IPL ਮੈਚਾਂ ਦੀ ਗੈਰ-ਕਾਨੂੰਨੀ ਸਟ੍ਰੀਮਿੰਗ ਨਾਲ ਜੁੜੇ ਹੋਏ ਹਨ। ਇਸ ਸੰਬੰਧੀ ਸਾਈਬਰ ਸੈੱਲ ਨੇ ਦੋਵਾਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ।
ANI ਦੇ ਟਵੀਟ ਦੇ ਮੁਤਾਬਕ 'ਮਹਾਰਾਸ਼ਟਰ ਸਾਈਬਰ ਨੇ ਫੇਅਰਪਲੇ ਐਪ 'ਤੇ IPL 2023 ਦੀ ਗੈਰ-ਕਾਨੂੰਨੀ ਸਟ੍ਰੀਮਿੰਗ ਦੇ ਮਾਮਲੇ 'ਚ ਦੱਖਣੀ ਅਦਾਕਾਰਾ ਤਮੰਨਾ ਭਾਟੀਆ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਇਸ ਮਾਮਲੇ 'ਚ ਵਾਇਆਕਾਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਅਦਾਕਾਰਾ ਨੂੰ 29 ਅਪ੍ਰੈਲ ਨੂੰ ਮਹਾਰਾਸ਼ਟਰ ਸਾਈਬਰ ਦੇ ਸਾਹਮਣੇ ਪੇਸ਼ ਹੋਣਾ ਹੈ।
ਟਵੀਟ 'ਚ ਬਾਲੀਵੁੱਡ ਅਦਾਕਾਰ ਸੰਜੇ ਦੱਤ ਦਾ ਵੀ ਜ਼ਿਕਰ ਕੀਤਾ ਗਿਆ ਹੈ। ਬਿਆਨ 'ਚ ਲਿਖਿਆ ਗਿਆ ਹੈ, 'ਇਸ ਮਾਮਲੇ 'ਚ ਅਦਾਕਾਰ ਸੰਜੇ ਦੱਤ ਨੂੰ ਵੀ ਸੰਮਨ ਭੇਜਿਆ ਗਿਆ ਸੀ। ਉਸ ਨੂੰ 23 ਅਪ੍ਰੈਲ ਨੂੰ ਸੰਮਨ ਜਾਰੀ ਕੀਤਾ ਗਿਆ ਸੀ ਪਰ ਉਹ ਉਨ੍ਹਾਂ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਇਸ ਦੀ ਬਜਾਏ ਉਸਨੇ ਆਪਣਾ ਬਿਆਨ ਦਰਜ ਕਰਨ ਲਈ ਤਰੀਕ ਅਤੇ ਸਮਾਂ ਮੰਗਿਆ ਸੀ ਅਤੇ ਕਿਹਾ ਸੀ ਕਿ ਉਹ ਮਿਤੀ 'ਤੇ ਭਾਰਤ ਵਿੱਚ ਨਹੀਂ ਸੀ। ਮਾਮਲੇ 'ਚ ਤਮੰਨਾ ਦਾ ਨਾਂਅ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀ ਮਾਮਲੇ 'ਚ ਉਸ ਦੀ ਭੂਮਿਕਾ ਬਾਰੇ ਸਪੱਸ਼ਟੀਕਰਨ ਮੰਗਣ ਦੀ ਕੋਸ਼ਿਸ਼ ਕਰ ਰਹੇ ਹਨ।'
ਗੈਰ-ਕਾਨੂੰਨੀ ਸਟ੍ਰੀਮਿੰਗ ਮਾਮਲੇ ਦੀ ਕਦੋਂ ਜਾਂਚ ਹੋਵੇਗੀ ਸ਼ੁਰੂ?: ਗੈਰ-ਕਾਨੂੰਨੀ ਸਟ੍ਰੀਮਿੰਗ ਮਾਮਲੇ ਦੀ ਜਾਂਚ ਸਤੰਬਰ 2023 ਤੋਂ ਸ਼ੁਰੂ ਹੋਈ ਹੈ। ਨੈਟਵਰਕ ਨੇ ਐਪ ਦੁਆਰਾ ਉਨ੍ਹਾਂ ਦੇ ਬੌਧਿਕ ਸੰਪੱਤੀ ਅਧਿਕਾਰਾਂ (IPR) ਦੀ ਉਲੰਘਣਾ ਦਾ ਇਲਜ਼ਾਮ ਲਗਾਉਂਦੇ ਹੋਏ ਇੱਕ ਸ਼ਿਕਾਇਤ ਦਰਜ ਕਰਵਾਈ ਹੈ। ਨੈਟਵਰਕ, ਮੈਚਾਂ ਨੂੰ ਸਟ੍ਰੀਮ ਕਰਨ ਦੇ ਵਿਸ਼ੇਸ਼ ਅਧਿਕਾਰ ਹੋਣ ਦੇ ਬਾਵਜੂਦ ਇਸ ਨੂੰ ਐਪ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਪ੍ਰਸਾਰਿਤ ਕਰ ਰਿਹਾ ਸੀ, ਜਿਸ ਨਾਲ ਕੰਪਨੀ ਨੂੰ 100 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਸੀ।
ਐਫਆਈਆਰ ਤੋਂ ਬਾਅਦ ਬਾਦਸ਼ਾਹ, ਜੈਕਲੀਨ ਫਰਨਾਂਡੀਜ਼, ਤਮੰਨਾ ਭਾਟੀਆ ਅਤੇ ਸੰਜੇ ਦੱਤ ਸਮੇਤ ਫਿਲਮ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਜਾਂਚ ਦੌਰਾਨ ਦਸੰਬਰ 2023 ਵਿੱਚ ਇਸ ਮਾਮਲੇ ਵਿੱਚ ਇੱਕ ਮੁਲਾਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।