ਫਰੀਦਕੋਟ: ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਹਿਚਾਣ ਅਤੇ ਵਜੂਦ ਸਥਾਪਿਤ ਕਰ ਚੁੱਕੇ ਲਵਲੀ ਨਿਰਮਾਣ ਅਤੇ ਸੁਦੇਸ਼ ਕੁਮਾਰੀ ਆਪਣਾ ਨਵਾਂ ਗਾਣਾ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਇਸ ਗਾਣੇ ਨੂੰ ਉਨਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮਾਂ 'ਤੇ ਰਿਲੀਜ਼ ਕਰ ਦਿੱਤਾ ਜਾਵੇਗਾ।
ਮਸ਼ਹੂਰ ਸੰਗ਼ੀਤਕਾਰ ਵਿਨੇ ਕਮਲ ਵੱਲੋ ਸੰਗ਼ੀਤਬਧ ਕੀਤੇ ਗਏ ਇਸ ਡਿਊਟ ਸਬੰਧਤ ਗਾਣੇ ਦੀ ਸ਼ੂਟਿੰਗ ਵੀ ਇੰਨਾਂ ਦੋਹਾਂ ਵੱਲੋਂ ਮੁਕੰਮਲ ਕਰ ਲਈ ਗਈ ਹੈ। ਇਸ ਗਾਣੇ ਨੂੰ ਠੇਠ ਦੇਸੀ ਰੰਗਾਂ ਅਧੀਨ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਕੈਮਰਾਬਧ ਕੀਤਾ ਗਿਆ ਹੈ। ਪੰਜ ਪਾਣੀ ਰਿਕਾਰਡਜ਼ ਵੱਲੋਂ ਸੰਗੀਤ ਮਾਰਕੀਟ ਵਿੱਚ ਵੱਡੇ ਪੱਧਰ 'ਤੇ ਜਾਰੀ ਕੀਤੇ ਜਾ ਰਹੇ ਇਸ ਗਾਣੇ ਨੂੰ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਵਿੱਚ ਖਾਸੀ ਉਤਸੁਕਤਾ ਦੇਖੀ ਜਾ ਰਹੀ ਹੈ, ਜਿਸ ਦਾ ਕਾਰਨ ਇਸ ਤੋਂ ਪਹਿਲਾਂ ਸਾਹਮਣੇ ਆਏ ਇਸ ਹਿਟ ਜੋੜੀ ਦੇ ਕਈ ਗਾਣਿਆਂ ਦੀ ਸਫ਼ਲਤਾਂ ਨੂੰ ਮੰਨਿਆ ਜਾ ਸਕਦਾ ਹੈ।
ਲਵਲੀ ਨਿਰਮਾਣ ਅਤੇ ਸੁਦੇਸ਼ ਕੁਮਾਰੀ ਦੇ ਗਾਣੇ: ਲਵਲੀ ਨਿਰਮਾਣ ਅਤੇ ਸੁਦੇਸ਼ ਕੁਮਾਰੀ ਦੇ ਇਕੱਠਿਆਂ ਗਾਏ ਅਤੇ ਸੁਪਰ ਹਿਟ ਰਹੇ ਗਾਣਿਆਂ ਦੀ ਗੱਲ ਕੀਤੀ ਜਾਵੇ, ਤਾਂ ਇੰਨਾਂ ਵਿੱਚ ਲਲਕਾਰੇ, ਲੋਕੇਟ, ਲੋਕੇਟ 2, ਲੋਕੇਟ ਵਨਸ ਅਗੇਨ, ਮਾਫ ਕਰੀ, ਬੁਲੇਟ, ਪਿਆਰ ਆਦਿ ਸ਼ੁਮਾਰ ਰਹੇ ਹਨ। ਕਰੀਬ ਦੋ ਦਹਾਕਿਆਂ ਤੋਂ ਪੰਜਾਬੀ ਸੰਗੀਤ ਜਗਤ ਵਿੱਚ ਸਰਗਰਮ ਇਹ ਦੋਨਾਂ ਅਪਣੇ ਹਰ ਗਾਣੇ ਵਿੱਚ ਅਪਣੀ ਨਾਯਾਬ ਗਾਇਨ ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫਲ ਰਹੇ ਹਨ। ਇਹੀ ਕਾਰਨ ਹੈ ਕਿ ਸਾਲਾਂ ਬਾਅਦ ਵੀ ਇੰਨਾਂ ਦੋਹਾਂ ਅਜ਼ੀਮ ਫਨਕਾਰਾਂ ਦੀ ਧਾਂਕ ਅਤੇ ਲੋਕਪ੍ਰਿਯਤਾ ਦਾ ਸਿਲਸਿਲਾ ਕਾਇਮ ਹੈ, ਜਿਸ ਦੀ ਲੜੀ ਨੂੰ ਹੀ ਹੋਰ ਪ੍ਰਭਾਵੀ ਰੂਪ ਦੇਣ ਲਈ ਉਨ੍ਹਾਂ ਦਾ ਇੱਕ ਹੋਰ ਗਾਣਾ ਰਿਲੀਜ਼ ਹੋਣ ਦੀ ਤਿਆਰੀ 'ਚ ਹੈ।