ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਬਿਹਤਰੀਨ ਐਕਟਰਜ਼ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਕੁਲਜਿੰਦਰ ਸਿੰਘ ਸਿੱਧੂ, ਜੋ ਸਾਹਮਣੇ ਆਉਣ ਜਾ ਰਹੀ ਵੈੱਬ ਸੀਰੀਜ਼ 'ਸਰਪੰਚੀ' ਵਿੱਚ ਲੀਡ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ, ਜੋ ਜਲਦ ਹੀ ਓਟੀਟੀ ਪਲੇਟਫ਼ਾਰਮ ਉਪਰ ਸਟ੍ਰੀਮ ਹੋਣ ਜਾ ਰਹੀ ਹੈ।
'ਚੌਪਾਲ' ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਇਸ ਵੈੱਬ ਸੀਰੀਜ਼ ਦਾ ਨਿਰਦੇਸ਼ਨ ਗੁਰਪ੍ਰੀਤ ਸਿੰਘ ਪਲਹੇੜੀ ਕਰ ਰਹੇ ਹਨ, ਜੋ ਪੰਜਾਬੀ ਅਤੇ ਹਿੰਦੀ ਸਿਨੇਮਾ ਖੇਤਰ ਨਾਲ ਪਿਛਲੇ ਲੰਮੇਂ ਤੋਂ ਜੁੜੇ ਹੋਏ ਹਨ ਅਤੇ ਬਾਲੀਵੁੱਡ ਅਤੇ ਪਾਲੀਵੁੱਡ ਦੇ ਕਈ ਉੱਚ ਕੋਟੀ ਐਕਟਰਜ਼ ਦੇ ਮਹੱਤਵਪੂਰਨ ਫਿਲਮ ਪ੍ਰੋਜੈਕਟਸ ਨੂੰ ਕੁਸ਼ਲਤਾਪੂਰਵਕ ਸੰਭਾਲਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿੰਨ੍ਹਾਂ ਵਿੱਚ ਸੰਨੀ ਦਿਓਲ, ਅਜੇ ਦੇਵਗਨ, ਧਰਮਿੰਦਰ, ਬੌਬੀ ਦਿਓਲ, ਦਿਲਜੀਤ ਦੁਸਾਂਝ, ਐਮੀ ਵਿਰਕ ਜਿਹੇ ਵੱਡੇ ਨਾਂਅ ਵੀ ਸ਼ੁਮਾਰ ਰਹੇ ਹਨ।
ਸਾਲ 2018 ਵਿੱਚ ਆਈ ਦਿਲਜੀਤ ਦੁਸਾਂਝ ਸਟਾਰਰ 'ਸੱਜਣ ਸਿੰਘ ਰੰਗਰੂਟ' ਨਾਲ ਬਤੌਰ ਲੇਖਕ ਜੁੜੇ ਰਹੇ ਗੁਰਪ੍ਰੀਤ ਸਿੰਘ ਪਲਹੇੜੀ ਉਕਤ ਪ੍ਰੋਜੈਕਟ ਨਾਲ ਨਿਰਦੇਸ਼ਕ ਦੇ ਰੂਪ ਵਿੱਚ ਇੱਕ ਨਵੀਂ ਪਾਰੀ ਦੇ ਆਗਾਜ਼ ਵੱਲ ਵਧਣ ਜਾ ਰਹੇ ਹਨ, ਜਿੰਨ੍ਹਾਂ ਦੀ ਇਹ ਵੈੱਬ ਸੀਰੀਜ਼ 'ਸਰਪੰਚੀ' ਲਈ ਅਪਣਾਏ ਜਾਂਦੇ ਹਰ ਪੱਧਰੀ ਹੀਲਿਆ ਵਸੀਲਿਆਂ ਨੂੰ ਪ੍ਰਤਿਬਿੰਬ ਕਰੇਗੀ, ਜੋ ਇਸ ਚੋਣ ਲਈ ਪਿੰਡ ਤੋਂ ਲੈ ਇਲਾਕੇ ਪੱਧਰ ਉਤੇ ਅਪਣਾਈਆਂ ਜਾਂਦੀਆਂ ਅੰਦਰੂਨੀ ਸਾਜ਼ਿਸ਼ਾਂ ਦਾ ਵੀ ਖੁਲਾਸਾ ਕਰੇਗੀ।
'ਪ੍ਰਧਾਨ ਮੰਤਰੀ ਬਣਨਾ ਸੌਖਾ, ਪਰ ਸਰਪੰਚ ਬਣਨਾ ਔਖਾ' ਦੀ ਦਿਲਚਸਪ ਟੈਗਲਾਈਨ ਅਧੀਨ ਬਣਾਈ ਗਈ ਇਸ ਵੈੱਬ ਸੀਰੀਜ਼ ਵਿੱਚ ਮੱਖਣ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ਕੁਲਜਿੰਦਰ ਸਿੰਘ ਸਿੱਧੂ, ਜਿੰਨ੍ਹਾਂ ਨੂੰ ਸਰਪੰਚੀ ਹਾਸਿਲ ਕਰਨ ਲਈ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਾਲੀਆ ਸਮੇਂ ਰਿਲੀਜ਼ ਹੋਈ 'ਮੋੜ' ਦੇ ਨਾਇਕ ਵਿੱਚ ਨਜ਼ਰ ਆਏ ਕੁਲਜਿੰਦਰ ਸਿੰਘ ਸੰਧੂ ਦੀ ਇਸ ਫਿਲਮ ਵਿੱਚ ਨਿਭਾਈ ਮਹੱਤਵਪੂਰਨ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ, ਜਿਸ ਨਾਲ ਮਿਲੀ ਸਲਾਹੁਤਾ ਤੋਂ ਉਤਸ਼ਾਹਿਤ ਹੋਏ ਇਹ ਬਾਕਮਾਲ ਅਦਾਕਾਰ ਇੰਨੀਂ ਦਿਨੀਂ ਅਲਹਦਾ ਕੰਟੈਂਟ ਅਧਾਰਿਤ ਅਤੇ ਆਫ ਬੀਟ ਫਿਲਮਾਂ ਨੂੰ ਖਾਸੀ ਤਰਜ਼ੀਹ ਦੇ ਰਹੇ ਹਨ, ਜਿਸ ਸੰਬੰਧਤ ਉਨ੍ਹਾਂ ਵੱਲੋਂ ਕੁਝ ਵੱਖਰਾ ਕਰਨ ਦੀ ਅਪਣਾਈ ਸੋਚ ਦਾ ਹੀ ਇਜ਼ਹਾਰ ਕਰਵਾਏਗੀ ਉਕਤ ਵੈੱਬ ਸੀਰੀਜ਼, ਜਿਸ ਵਿੱਚ ਸਰਦਾਰ ਸੋਹੀ ਸਮੇਤ ਕਈ ਹੋਰ ਨਾਮਵਰ ਕਲਾਕਾਰਾਂ ਵੱਲੋਂ ਵੀ ਅਹਿਮ ਕਿਰਦਾਰ ਅਦਾ ਕੀਤੇ ਗਏ ਹਨ।