ਚੰਡੀਗੜ੍ਹ: ਬਾਲੀਵੁੱਡ ਅਤੇ ਓਟੀਟੀ ਸਟਾਰ ਜਿੰਮੀ ਸ਼ੇਰਗਿੱਲ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਵੀ ਬਰਾਬਰਤਾ ਨਾਲ ਆਪਣੀ ਮੌਜ਼ੂਦਗੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾ ਰਹੇ ਹਨ, ਜੋ ਆਪਣੀ ਆਨ ਫਲੌਰ ਪੰਜਾਬੀ ਫਿਲਮ 'ਮਾਂ ਜਾਏ' ਦੀ ਸ਼ੂਟਿੰਗ ਨੂੰ ਆਖਰੀ ਛੋਹਾਂ ਦੇਣ ਵਿੱਚ ਜੁੱਟ ਚੁੱਕੇ ਹਨ, ਜਿੰਨ੍ਹਾਂ ਦੀ ਇਸ ਬਹੁ-ਚਰਚਿਤ ਫਿਲਮ ਦਾ ਆਖ਼ਰੀ ਸ਼ੈਡਿਊਲ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਚੁੱਕਾ ਹੈ।
'1212 ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਨਿਰਦੇਸ਼ਨ ਨਵਨੀਅਤ ਸਿੰਘ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਸਫ਼ਲ ਅਤੇ ਬਹੁ-ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਪਰਿਵਾਰਿਕ ਤੰਦਾਂ ਦੀ ਪੁਰਾਣੇ ਵੇਲਿਆਂ 'ਚ ਗੂੜੀ ਰਹੀ ਮਹੱਤਤਾ ਨੂੰ ਮੁੜ ਸੁਰਜੀਤੀ ਦੇਣ ਜਾ ਰਹੀ ਉਕਤ ਫਿਲਮ ਵਿੱਚ ਜਿੰਮੀ ਸ਼ੇਰਗਿੱਲ ਅਤੇ ਮਾਨਵ ਵਿਜ਼ ਲੀਡ ਰੋਲ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਰਹਿਮਤ ਰਤਨ, ਪ੍ਰੀਤ ਕਮਲ, ਸ਼ਮਸ਼ੇਰ ਸਿੰਘ ਆਦਿ ਜਿਹੇ ਨਾਮਵਰ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਨਿਰਮਾਣ ਪੜ੍ਹਾਅ ਤੋਂ ਹੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਉਕਤ ਫਿਲਮ ਦਾ ਪਹਿਲਾਂ ਸ਼ੈਡਿਊਲ ਜੰਮੂ ਕਸ਼ਮੀਰ ਵਿਖੇ ਪੂਰਾ ਕੀਤਾ ਗਿਆ ਹੈ, ਜਿਸ ਉਪਰੰਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਕੰਮਲਤਾ ਵੱਲ ਵੱਧ ਚੁੱਕੀ ਇਸ ਫਿਲਮ ਵਿੱਚ ਸਿੱਖ ਨੌਜਵਾਨ ਦੀ ਪ੍ਰਭਾਵੀ ਭੂਮਿਕਾ ਵਿੱਚ ਨਜ਼ਰ ਆਉਣਗੇ ਜਿੰਮੀ ਸ਼ੇਰਗਿੱਲ, ਜੋ ਨਿਰਦੇਸ਼ਕ ਨਵਨੀਅਤ ਸਿੰਘ ਨਾਲ ਅੱਠਵੀਂ ਵਾਰ ਪੰਜਾਬੀ ਫਿਲਮ ਦਾ ਹਿੱਸਾ ਬਣੇ ਹਨ, ਜਿੰਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਇਕੱਠਿਆਂ ਕੀਤੀਆਂ ਗਈਆਂ ਫਿਲਮਾਂ ਵਿੱਚ 'ਤੇਰਾ ਮੇਰਾ ਕੀ ਰਿਸ਼ਤਾ', 'ਮੇਲ ਕਰਾਂਦੇ ਰੱਬਾ', 'ਧਰਤੀ', 'ਜਿੰਦੂਆ', 'ਰੰਗੀਲੇ', 'ਸ਼ਰੀਕ', 'ਸ਼ਰੀਕ 2' ਆਦਿ ਸ਼ੁਮਾਰ ਰਹੀਆਂ ਹਨ।
ਹਾਲ ਹੀ ਵਿੱਚ ਨੈੱਟਫਲਿਕਸ ਉਪਰ ਆਨ ਸਟ੍ਰੀਮ ਹੋਈ 'ਸਿਕੰਦਰ ਕਾ ਮੁਕੱਦਰ' ਨਾਲ ਸਲਾਹੁਤਾ ਹਾਸਿਲ ਕਰ ਰਹੇ ਜਿੰਮੀ ਸ਼ੇਰਗਿੱਲ ਉਕਤ ਪੰਜਾਬੀ ਫਿਲਮ ਤੋਂ ਇਲਾਵਾ ਇੱਕ ਹੋਰ ਅਹਿਮ ਪੰਜਾਬੀ ਫਿਲਮ 'ਬੇਬੇ' ਵੀ ਕਰ ਰਹੇ ਹਨ, ਜਿੰਨ੍ਹਾਂ ਦੀ ਇਸ ਫਿਲਮ ਦਾ ਨਿਰਦੇਸ਼ਨ ਗੁਰਜਿੰਦ ਮਾਨ ਕਰ ਰਹੇ ਹਨ।
ਇਹ ਵੀ ਪੜ੍ਹੋ: