ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਤੇਜ਼ੀ ਨਾਲ ਵਿਲੱਖਣ ਪਹਿਚਾਣ ਕਾਇਮ ਕਰਨ ਵੱਲ ਵੱਧ ਰਹੇ ਹਨ ਨੌਜਵਾਨ ਗਾਇਕ ਜਿੰਮੀ ਕਲੇਰ, ਜੋ ਮਸ਼ਹੂਰ ਗਾਇਕਾ ਗੁਰਲੇਜ਼ ਅਖ਼ਤਰ ਨਾਲ ਗਾਏ ਆਪਣੇ ਨਵੇਂ ਬੀਟ ਗੀਤ 'ਮੱਖਣੀ ਮਲਾਈ' ਦੁਆਰਾ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਬਿਹਤਰੀਨ ਗਾਇਨ ਜੁਗਲਬੰਦੀ ਅਧੀਨ ਤਿਆਰ ਕੀਤਾ ਗਿਆ ਇਹ ਟਰੈਕ ਭਲਕੇ 10 ਅਪ੍ਰੈਲ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਵੇਗਾ।
'ਜਿੰਮੀ ਕਲੇਰ' ਵੱਲੋਂ ਆਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਦੋਗਾਣਾ ਟਰੈਕ ਨੂੰ ਆਵਾਜ਼ਾਂ ਜਿੰਮੀ ਅਤੇ ਗੁਰਲੇਜ਼ ਅਖ਼ਤਰ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਵੀ ਜਿੰਮੀ ਵੱਲੋਂ ਖੁਦ ਕੀਤੀ ਗਈ ਹੈ, ਜਿੰਨ੍ਹਾਂ ਅਨੁਸਾਰ ਪਿਆਰ-ਸਨੇਹ ਭਰੇ ਜਜ਼ਬਤਾਂ ਦੀ ਤਰਜ਼ਮਾਨੀ ਕਰਦੇ ਉਨਾਂ ਦੇ ਇਸ ਨਵੇਂ ਗਾਣੇ ਦਾ ਮਿਊਜ਼ਿਕ ਗੁਰੀ ਨਿਮਾਣਾ ਦੁਆਰਾ ਸੰਗੀਤਬੱਧ ਕੀਤਾ ਗਿਆ ਹੈ।
ਪੰਜਾਬੀ ਸੰਗੀਤ ਜਗਤ ਵਿੱਚ ਇਕ ਨਵੀਂ ਸਨਸਨੀ ਬਣ ਉਭਰ ਰਹੇ ਇਸ ਪ੍ਰਤਿਭਾਵਾਨ ਗਾਇਕ ਨੇ ਅੱਗੇ ਦੱਸਿਆ ਕਿ ਬਹੁਤ ਹੀ ਉਮਦਾ ਅਤੇ ਮਿਆਰੀ ਸੰਗੀਤਕ ਸਾਂਚੇ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਚਰਚਿਤ ਅਦਾਕਾਰ ਅਤੇ ਨਿਰਦੇਸ਼ਕ ਕੁਰਾਨ ਢਿੱਲੋਂ ਵੱਲੋਂ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਕਈ ਫਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਮੌਜੂਦਾ ਸਮੇਂ ਅਮਰੀਕਾ ਦੇ ਕੈਲੀਫੋਰਨੀਆ ਅਧੀਨ ਆਉਂਦੇ ਫਰੀਮਾਂਟ ਨਾਲ ਸੰਬੰਧਿਤ ਜਿੰਮੀ ਕਲੇਰ ਇਸ ਤੋਂ ਪਹਿਲਾਂ ਵੀ ਕਈ ਚਰਚਿਤ ਗਾਣੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰ ਚੁੱਕੇ ਹਨ, ਜੋ ਅਪਾਰ ਮਕਬੂਲੀਅਤ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚ 'ਬੈਡ ਜੱਟ', 'ਗਾਨੇ', 'ਗੱਭਰੂ ਦੇਸ ਪੰਜਾਬ ਦਾ', 'ਫੋਰਡ ਜੱਟ', 'ਖਤਰੇ ਦਾ ਘੁੱਗੂ', 'ਰੋਲੇ ਗੋਲੇ', 'ਮੋਰਨੀ', 'ਦਬੰਗ', 'ਟੋਪ ਕਲਾਸ ਦੇਸੀ' ਆਦਿ ਸ਼ੁਮਾਰ ਰਹੇ ਹਨ।
ਪੰਜਾਬ ਦੀਆਂ ਕਈ ਉੱਚ ਕੋਟੀ ਗਾਇਕਾਵਾਂ ਨਾਲ ਸੰਗੀਤਕ ਜੁਗਲਬੰਦੀ ਕਰਨ ਅਤੇ ਬੇਸ਼ੁਮਾਰ ਸੁਪਰ ਹਿੱਟ ਟ੍ਰੈਕ ਗਾਉਣ ਦਾ ਸਿਹਰਾ ਹਾਸਿਲ ਕਰ ਚੁੱਕੇ ਇਹ ਹੋਣਹਾਰ ਗਾਇਕ ਆਪਣੇ ਉਕਤ ਟਰੈਕ ਨੂੰ ਲੈ ਕੇ ਕਾਫ਼ੀ ਐਕਸਾਈਟਡ ਨਜ਼ਰ ਆ ਰਹੇ ਹਨ, ਜਿੰਨ੍ਹਾਂ ਇਸੇ ਸੰਬੰਧੀ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਗੁਰਲੇਜ਼ ਅਖ਼ਤਰ ਜਿਹੀ ਬਾਕਮਾਲ ਗਾਇਕਾਂ ਨਾਲ ਕਲੋਬਰੇਸ਼ਨ ਕਰਨਾ ਉਨਾਂ ਲਈ ਕਿਸੇ ਵੱਡੇ ਮਾਣ ਨੂੰ ਝੋਲੀ ਪਾ ਲੈਣ ਵਾਂਗ ਰਿਹਾ ਹੈ, ਜਿੰਨ੍ਹਾਂ ਤੋਂ ਉਸ ਨੂੰ ਸੰਗੀਤਕ ਬਾਰੀਕੀਆਂ ਸੰਬੰਧੀ ਵੀ ਬਹੁਤ ਕੁਝ ਜਾਨਣ ਸਮਝਣ ਨੂੰ ਮਿਲਿਆ।