ਚੰਡੀਗੜ੍ਹ: ਸੰਗੀਤਕ ਖੇਤਰ ਦਾ ਧਰੂ ਤਾਰਾ ਬਣ ਚਮਕੇ ਅਤੇ ਅੱਜ ਵੀ ਲੱਖਾਂ ਲੋਕ ਮਨਾਂ ਵਿੱਚ ਰਾਜ ਕਰ ਰਹੇ ਮਹਰੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇੱਕ ਸ਼ਰਧਾਂਜਲੀ ਅਤੇ ਉਸ ਦੇ ਪਰਿਵਾਰ ਵਿੱਚ ਮੁੜ ਫੇਰਾ ਪਾਉਣ ਜਾ ਰਹੀਆਂ ਖੁਸ਼ੀਆਂ ਦੀ ਤਰਜ਼ਮਾਨੀ ਕਰਨ ਜਾ ਰਿਹਾ ਲੋਕ-ਗਾਇਕਾ ਜਸਵਿੰਦਰ ਬਰਾੜ ਦਾ ਨਵਾਂ ਗਾਣਾ 'ਨਿੱਕੇ ਪੈਰੀ' ਵੱਖ-ਵੱਖ ਪਲੇਟਫਾਰਮ ਉੱਪਰ ਰਿਲੀਜ਼ ਹੋ ਗਿਆ ਹੈ।
ਪੰਜਾਬੀ ਸੰਗੀਤ ਖੇਤਰ ਵਿੱਚ ਬਹੁ ਉਡੀਕਵਾਨ ਸੰਗੀਤਕ ਪ੍ਰੋਜੈਕਟ ਵਜੋਂ ਸਾਹਮਣੇ ਆਉਣ ਜਾ ਰਹੇ ਇਸ ਗਾਣੇ ਦਾ ਸੰਗੀਤ ਮਸ਼ਹੂਰ ਅਤੇ ਚਰਚਿਤ ਸੰਗੀਤਕਾਰ ਜੀ ਗੁਰੂ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨਾਂ ਅਨੁਸਾਰ ਸਭ ਦੇ ਦਿਲਾਂ ਦੀ ਧੜਕਣ ਸਾਡੇ ਹਰਮਨ ਪਿਆਰੇ ਸ਼ੁੱਭਦੀਪ ਸਿੱਧੂ ਮੂਸੇਵਾਲਾ ਨੂੰ ਵਾਪਿਸ ਪਾਉਣ ਲਈ ਉਸਨੂੰ ਪਿਆਰ ਕਰਨ ਵਾਲੇ ਲੱਖਾਂ ਕਰੋੜਾਂ ਦਿਲਾਂ ਦੀ ਰੱਬ ਅੱਗੇ ਅਰਦਾਸ ਹੈ ਇਹ ਗੀਤ, ਜਿਸ ਦੇ ਸ਼ਬਦ ਅਤੇ ਸੰਗੀਤ ਸਰੋਤਿਆਂ ਅਤੇ ਦਰਸ਼ਕਾਂ ਦੇ ਮਨਾਂ ਨੂੰ ਝਕਝੋਰ ਕੇ ਰੱਖ ਰਹੇ ਹਨ।
ਉਨਾਂ ਆਪਣੇ ਦਿਲੀ ਜਜ਼ਬਾਤ ਨੂੰ ਬਿਆਨ ਕਰਦਿਆਂ ਅੱਗੇ ਕਿਹਾ ਕਿ ਆਪਣੇ ਹੁਣ ਤੱਕ ਦੇ ਮਿਊਜ਼ਿਕ ਕਰੀਅਰ ਦੌਰਾਨ ਉਨਾਂ ਦੁਆਰਾ ਬਤੌਰ ਮਿਊਜ਼ਿਕ ਨਿਰਦੇਸ਼ਕ ਚਾਹੇ ਬੇਸ਼ੁਮਾਰ ਗੀਤ ਰਿਕਾਰਡ ਕਰਨ ਅਤੇ ਇੰਨਾਂ ਦੀ ਸੰਗੀਤਕ ਸਿਰਜਨਾ ਕਰਨ ਦਾ ਅਵਸਰ ਮਿਲਿਆ ਹੈ, ਪਰ ਇਸ ਗਾਣੇ ਦਾ ਵਜ਼ੂਦ ਤਲਾਸ਼ਣਾ ਉਨਾਂ ਲਈ ਬੇਹੱਦ ਮਾਣ ਵਾਲੀ ਗੱਲ ਅਤੇ ਸਕੂਨਦਾਇਕ ਅਹਿਸਾਸ ਰਿਹਾ ਹੈ।
ਉਨਾਂ ਕਿਹਾ ਕਿ ਪੰਜਾਬੀ ਸੰਗੀਤ ਜਗਤ ਵਿੱਚ ਸ਼ਾਨਦਾਰ ਪਹਿਚਾਣ ਰੱਖਦੀ ਲੋਕ-ਗਾਇਕਾ ਜਸਵਿੰਦਰ ਬਰਾੜ ਵੱਲੋਂ ਬਹੁਤ ਹੀ ਖੂਬਸੂਰਤ ਅਤੇ ਇਮੌਸ਼ਨਲ ਰੂਪ ਵਿੱਚ ਪੂਰਾ ਖੁੰਬ ਕੇ ਗਾਇਆ ਗਿਆ ਹੈ ਇਹ ਗਾਣਾ, ਜੋ ਉਨਾਂ ਦੇ ਕਰੀਅਰ ਵਿੱਚ ਇੱਕ ਹੋਰ ਮੀਲ ਪੱਥਰ ਸਾਬਤ ਹੋਵੇਗਾ।
ਓਧਰ ਅਜ਼ੀਮ ਫਨਕਾਰਾ ਜਸਵਿੰਦਰ ਬਰਾੜ ਵੀ ਆਪਣੇ ਇਸ ਨਵੇਂ ਅਤੇ ਭਾਵਪੂਰਨ ਗਾਣੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ, ਜਿੰਨਾਂ ਅਨੁਸਾਰ ਮਰਹੂਮ ਸਿੱਧੂ ਮੂਸੇਵਾਲਾ ਕੇਵਲ ਉਨਾਂ ਦੇ ਸੰਗੀਤਕ ਸਾਥੀ ਹੀ ਨਹੀਂ ਸਨ, ਬਲਕਿ ਉਨਾਂ ਲਈ ਇੱਕ ਪਰਿਵਾਰਕ ਮੈਂਬਰ ਸਨ, ਜਿੰਨਾਂ ਹਰ ਮਿਲਣੀ ਦੌਰਾਨ ਉਨਾਂ ਨੂੰ ਜੋ ਆਦਰ ਅਤੇ ਸਤਿਕਾਰ ਦਿੱਤਾ, ਉਨਾਂ ਭਾਵਨਾਤਮਕ ਪਲਾਂ ਅਤੇ ਅਮਿਟ ਯਾਦਾਂ ਸੰਬੰਧੀ ਅਹਿਸਾਸਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਉਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਪਿਆਰ ਸਨੇਹ ਕਰਦੇ ਦੁਨੀਆ-ਭਰ ਦੇ ਸੰਗੀਤ ਪ੍ਰੇਮੀ ਅੱਜ ਇਸ ਪਰਿਵਾਰ ਲਈ ਅਰਦਾਸਾਂ ਕਰ ਰਹੇ ਹਨ, ਜਿਸ ਸੰਬੰਧੀ ਹੀ ਉਸ ਵੱਲੋਂ ਵੀ ਕੀਤੀ ਗਈ ਇੱਕ ਨਿਮਾਣੀ ਜਿਹੀ ਕੋਸ਼ਿਸ਼ ਦੇ ਤੌਰ 'ਤੇ ਸਾਹਮਣੇ ਆਇਆ ਹੈ ਉਨਾਂ ਦਾ ਉਕਤ ਗੀਤ।
ਉਕਤ ਗਾਣੇ ਤੋਂ ਇਲਾਵਾ ਆਪਣੀਆਂ ਆਗਾਮੀ ਸੰਗੀਤਕ ਯੋਜਨਾਵਾਂ ਸੰਬੰਧੀ ਗੱਲਬਾਤ ਕਰਦਿਆਂ ਇਸ ਬਿਹਤਰੀਨ ਗਾਇਕਾ ਨੇ ਦੱਸਿਆ ਕਿ ਪੰਜਾਬ ਅਤੇ ਪੰਜਾਬੀਅਤ ਕਦਰਾਂ ਕੀਮਤਾਂ ਦੀ ਤਰਜ਼ਮਾਨੀ ਕਰਦੇ ਕੁਝ ਹੋਰ ਗਣਿਆਂ ਦੁਆਰਾ ਵੀ ਉਹ ਜਲਦ ਸਰੋਤਿਆਂ ਸਨਮੁੱਖ ਦੇ ਹੋਣਗੇ।