ਚੰਡੀਗੜ੍ਹ: ਪੰਜਾਬੀ ਲੋਕ ਗਾਇਕੀ ਨੂੰ ਨਵੇਂ ਅਯਾਮ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਜਸਬੀਰ ਜੱਸੀ, ਜੋ ਆਪਣਾ ਇੱਕ ਹੋਰ ਨਵਾਂ ਗਾਣਾ 'ਇੱਕ ਤਾਰਾ ਵੱਜਦਾ' ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਆਵਾਜ਼ 'ਚ ਸਜਿਆ ਇਹ ਗਾਣਾ ਜਲਦ ਵੱਖੋ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
ਪੰਜਾਬ ਤੋਂ ਲੈ ਕੇ ਮੁੰਬਈ ਸੰਗੀਤਕ ਗਲਿਆਰਿਆਂ ਵਿੱਚ ਅਪਣੀ ਨਾਯਾਬ ਗਾਇਨ ਕਲਾ ਦੀ ਧਾਂਕ ਜਮਾ ਚੁੱਕੇ ਗਾਇਕ ਜਸਬੀਰ ਜੱਸੀ ਵੱਲੋਂ ਸਾਹਮਣੇ ਲਿਆਂਦੇ ਜਾ ਰਹੇ ਅਪਣੇ ਉਕਤ ਗਾਣੇ ਦੀ ਪਹਿਲੀ ਝਲਕ ਵੀ ਜਾਰੀ ਕਰ ਦਿੱਤੀ ਹੈ, ਜਿਸ ਨੂੰ ਉਨ੍ਹਾਂ ਦੇ ਚਾਹੁੰਣ ਵਾਲਿਆਂ ਅਤੇ ਸੰਗੀਤ ਪ੍ਰੇਮੀਆਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ।
ਪੁਰਾਤਨ ਪੰਜਾਬ ਦੇ ਅਸਲ ਰਹੇ ਰੰਗਾਂ ਦੀ ਤਰਜ਼ਮਾਨੀ ਕਰਦੇ ਅਤੇ ਪੰਜਾਬੀ ਵੰਨਗੀਆਂ ਨਾਲ ਅੋਤ ਪੋਤ ਉਕਤ ਗਾਣੇ ਨੂੰ ਜਸਬੀਰ ਜੱਸੀ ਵੱਲੋਂ ਅਪਣੇ ਨਿਵੇਕਲੇ ਅੰਦਾਜ਼ ਵਿੱਚ ਗਾਇਆ ਗਿਆ ਹੈ, ਜੋ ਅਮੂਮਨ ਇਸ ਤਰ੍ਹਾਂ ਦੇ ਉਮਦਾ ਫੋਕ ਗੀਤ ਗਾਉਣ ਵਿੱਚ ਕਾਫ਼ੀ ਮੁਹਾਰਤ ਵੀ ਰੱਖਦੇ ਹਨ।
ਉਨ੍ਹਾਂ ਵੱਲੋਂ ਖੁਦ ਹੀ ਕੰਪੋਜ਼ ਕੀਤੇ ਗਏ ਇਸ ਗਾਣੇ ਸੰਬੰਧਤ ਹੋਰ ਵਿਸਥਾਰਕ ਜਾਣਕਾਰੀ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਵੱਖ-ਵੱਖ ਗਾਇਕਾ ਵੱਲੋਂ ਗਾਏ ਜਾਂਦੇ ਆ ਰਹੇ ਉਕਤ ਗਾਣੇ ਦੀ ਲੋਕਪ੍ਰਿਯਤਾ ਅੱਜ ਸਾਲਾਂ ਬਾਅਦ ਵੀ ਜਿਓ ਦੀ ਤਿਓ ਕਾਇਮ ਹੈ, ਜਿਸ ਦਾ ਇੱਕ ਅਹਿਮ ਕਾਰਨ ਇਹ ਹੈ ਕਿ ਇਸ ਗੀਤ ਦੇ ਸ਼ਬਦਾਂ ਵਿੱਚ ਸਾਡੇ ਅਸਲ ਸਰਮਾਏ ਦੇ ਉਹ ਰੰਗ ਸ਼ਾਮਿਲ ਹਨ, ਜੋ ਹੁਣ ਚਾਹੇ ਅਤੀਤ ਦਾ ਹਿੱਸਾ ਬਣ ਗਏ ਹਨ, ਪਰ ਇੰਨਾਂ ਦੀ ਭਾਵਪੂਰਨ ਸ਼ਬਦਾਂਵਲੀ ਭਰੇ ਨਿੱਘ ਦਾ ਆਨੰਦ ਮਾਣਨਾ ਹਰ ਕੋਈ ਪਸੰਦ ਕਰਦਾ ਹੈ।
ਦੁਨੀਆ ਭਰ ਵਿੱਚ ਅਪਣੀ ਵਿਲੱਖਣ ਗਾਇਕੀ ਦੀਆਂ ਧੂੰਮਾਂ ਪਾ ਚੁੱਕੇ ਇਸ ਹੋਣਹਾਰ ਗਾਇਕ ਦੀ ਇਸ ਗੱਲੋਂ ਵੀ ਸਿਫ਼ਤ ਕੀਤੀ ਜਾਣੀ ਬਣਦੀ ਹੈ ਕਿ ਪਿਛਲੇ ਲੰਮੇਂ ਸਮੇਂ ਤੋਂ ਮੁੰਬਈ ਵਸੇਬਾ ਰੱਖਣ ਦੇ ਬਾਵਜੂਦ ਉਨ੍ਹਾਂ ਪੰਜਾਬ ਅਤੇ ਇਸ ਦੀਆਂ ਜੜ੍ਹਾਂ ਨਾਲ ਜੁੜੀ ਗਾਇਕੀ ਨਾਲ ਅਪਣੀ ਸਾਂਝ ਲਗਾਤਾਰ ਬਣਾਈ ਹੈ, ਜਿੰਨ੍ਹਾਂ ਦੇ ਅਪਣੀ ਮਿੱਟੀ ਪ੍ਰਤੀ ਇਸੇ ਮੋਹ ਦਾ ਇੱਕ ਵਾਰ ਫਿਰ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਕਤ ਗਾਣਾ, ਜਿਸ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: